‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਪੁਲਿਸ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈਕੇ ਪੰਥਕ ਜਥੇਬੰਦੀਆਂ ਤੱਕ ਵੱਡੇ ਖੁਲਾਸੇ ਕੀਤੇ । ਉਨ੍ਹਾਂ ਨੇ ਦੱਸਿਆ ਕੌਣ ਉਨ੍ਹਾਂ ਦੀ ਜਾਨ ਲੈਣਾ ਚਾਉਂਦਾ ਹੈ ਅਤੇ ਕਿਵੇਂ ਉਨ੍ਹਾਂ ਦੇ ਖਿਲਾਫ਼ ਕੁਝ ਪੰਥਕ ਜਥੇਬੰਦੀਆਂ ਹੀ ਸਾਜਿਸ਼ ਰਚ ਰਹੀਆਂ ਹਨ । ਵਾਰਿਸ ਪੰਜਾਬ ਦੇ ਮੁੱਖੀ ਨੇ ਪ੍ਰੈਸ ਕਾਂਫਰੰਸ ਦੌਰਾਨ ਇੱਕ-ਇੱਕ ਕਰਕੇ ਵੱਡੇ ਖੁਲਾਸੇ ਕੀਤੇ । ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਕਿਹਾ ਕਿ ਏਜੰਸੀਆਂ ਉਨ੍ਹਾਂ ਦਾ ਕਤਲ ਕਰਵਾ ਸਕਦੀਆਂ ਹਨ । ਪਰ ਉਹ ਡਰਨ ਵਾਲੇ ਨਹੀਂ ਹਨ। ਅੰਮ੍ਰਿਤਪਾਲ ਸਿੰਘ ਨੇ ਸਾਫ਼ ਕੀਤਾ ਕਿ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਨਹੀਂ ਦਿੱਤੀ ਬਲਕਿ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਹੈ। ਮੈਂ ਸਰਕਾਰ ਵਿਰੁੱਧ ਨਹੀਂ ਹਾਂ, ਪਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਲਿਸਤਾਨ ‘ਤੇ ਭੜਕਣਾ ਜਾਇਜ਼ ਨਹੀਂ ਹੈ। ਇੰਦਰਾ ਗਾਂਧੀ ਨੇ ਵੀ ਇਹੀ ਕੀਤਾ ਸੀ। ਜੇਕਰ ਸਰਕਾਰਾਂ ਮੁੜ ਤੋਂ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੀਆਂ ਹਨ, ਤਾਂ ਫਿਰ ਸਵਾਗਤ ਹੈ। ਫਿਰ ਭਾਵੇਂ ਉਹ ਇਸ ਨੂੰ ਚੇਤਾਵਨੀ ਸਮਝਣ ਜਾਂ ਫਿਰ ਧਮਕੀ,ਉਨ੍ਹਾਂ ਦੀ ਮਰਜ਼ੀ ਹੈ। ਵਾਰਿਸ ਪੰਜਾਬ ਦੇ ਮੁੱਖੀ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਦੇ ਹਿੰਦੂ ਰਾਸ਼ਟਰ ਬਾਰੇ ਬਿਆਨ ਕਿਉਂ ਨਹੀਂ ਦਿੱਤਾ? ਨਾ ਹੀ ਕਦੇ ਕੋਈ ਇਸ ਬਾਰੇ ਬਹਿਸ ਹੋਈ ਹੈ ਕਿ ਕੋਈ ਹਿੰਦੂ ਰਾਸ਼ਟਰ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੀ ਗੱਲ ਕਰਨਾ ਸਿੱਖਾਂ ਦਾ ਧਰਮ ਹੈ, ਹੱਕ ਹੈ, ਖਾਲਿਸਤਾਨ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਨਕਲਾਬ ਜਿੰਦਾਬਦ ਕਹਿਣ ਵਾਲਿਆਂ ਵਿਰੁੱਧ ਕਦੇ ਪਰਚਾ ਨਹੀਂ ਹੋਇਆ। ਭਾਈ ਅੰਮ੍ਰਿਤਪਾਲ ਨੇ ਕਿਹਾ ਸੰਤ ਭਿੰਡਰਾਵਾਲਾ ਨੂੰ ਵੀ ਸਰਕਾਰੀ ਏਜੰਟ ਕਿਹਾ ਜਾਂਦਾ ਸੀ ਉਨ੍ਹਾਂ ‘ਤੇ ਵੀ ਇਹ ਹੀ ਇਲਜ਼ਾਮ ਲਗਾਏ ਜਾਂਦੇ ਹਨ ।
ਪੰਥਕ ਜਥੇਬੰਦੀਆਂ ਨੂੰ ਮੇਰੇ ਤੋਂ ਕਿਉਂ ਡਰ ?
ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕੁਝ ਪੰਥਕ ਜਥੇਬੰਦੀਆਂ ਮੇਰੇ ਖਿਲਾਫ ਸਾਜਿਸ਼ ਰਚ ਰਹੀਆਂ ਹਨ ਕਿਉਂਕਿ ਉਹ ਨਹੀਂ ਚਾਉਂਦੀਆਂ ਹਨ ਕਿ ਕੋਈ ਨੌਜਵਾਨ ਪੰਥ ਦੀ ਕਮਾਨ ਸੰਭਾਲੇ। ਵਾਰਿਸ ਪੰਜਾਬ ਦੇ ਮੁੱਖੀ ਨੇ ਆਪਣੇ ਅਤੇ ਜਥੇਬੰਦੀਆਂ ਦੇ ਸਿੰਘਾਂ ਖਿਲਾਫ ਦਰਜ ਕੁੱਟਮਾਰ ਦੇ ਕੇਸ ਪਿੱਛੇ ਵੀ ਅਜਿਹੀ ਪੰਥਕ ਜਥੇਬੰਦੀਆਂ ਨੂੰ ਜ਼ਿੰਮੇਵਾਰ ਦੱਸਿਆ । ਉਨ੍ਹਾਂ ਕਿਹਾ ਜਿਸ ਵਿਅਕਤੀ ਨੇ ਸਾਡੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਉਹ ਖੁਦ ਸਾਡੇ ਕੋਲ ਚੱਲ ਕੇ ਆਇਆ ਸੀ ਤੇ ਉਸ ਨਾਲ ਸਾਡੀ ਜਥੇਬੰਦੀ ਦੇ ਕਿਸੇ ਵੀ ਨੁਮਾਇੰਦੇ ਨੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਇਲਜ਼ਾਮ ਲਗਾਉਣ ਵਾਲਾ ਮਾਨਸਿਕ ਤੌਰ ਉੱਤੇ ਬਿਮਾਰ ਹੈ ਅਤੇ PGI ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ । ਉਨ੍ਹਾ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਿਹੇ ਵਿਅਕਤੀ ਦੇ ਬਿਆਨਾਂ ਦੇ ਆਧਾਰ ਉੱਤੇ ਕੋਈ ਕੇਸ ਕਿਵੇਂ ਦਰਜ ਹੋ ਸਕਦਾ ਹੈ।
ਜਥੇਬੰਦੀ ਦੇ ਆਗੂਆਂ ਖਿਲਾਫ਼ ਗਲਤ ਕੇਸ ਦਰਜ
ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨ ਤੂਫਾਨ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਘਰੋਂ ਬਿਨਾਂ ਕਿਸੇ ਨੋਟਿਸ ਦੇ ਚੁੱਕਿਆ ਗਿਆ ਤੇ ਤਸ਼ੱਦਦ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਸਵਾਲ ਪੁੱਛਿਆ ਕਿ ਇਹ ਕਿੰਨਾ ਕੁ ਵੱਡਾ ਮਾਮਲਾ ਸੀ, ਜਿਸਦੇ ਲਈ ਨੌਜਵਾਨ ਨੂੰ ਚੁੱਕ ਕੇ ਉਸ ਤੋਂ ਝੂਠੇ ਬਿਆਨ ਦਿਵਾਉਣ ਦੀ ਨੌਬਤ ਆ ਗਈ। ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਉੱਤੇ ਭੇਜਿਆ ਗਿਆ ਹੈ ਤੇ ਉਸਦੇ ਖਿਲਾਫ਼ ਧਾਰਾ 295(A) ਤੇ ਬੇਅਦਬੀ ਦੀ ਧਾਰਾ ਲਗਾਈ ਗਈ ਹੈ, ਜੋ ਕਿ ਬਿਲਕੁਲ ਵੀ ਵਾਜਿਬ ਨਹੀਂ ਹੈ। ਵਾਰਿਸ ਪੰਜਾਬ ਦੇ ਮੁੱਖੀ ਨੇ ਅਜਨਾਲਾ ਵਿੱਚ ਬੁਲਾਏ ਗਏ ਇਕੱਠ ਨੂੰ ਰੱਦ ਕਰ ਦਿੱਤਾ ਹੈ। ਇਸਦਾ ਕਾਰਨ ਉਨ੍ਹਾਂ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਦੱਸਿਆ ਹੈ ਪਰ ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਪ੍ਰਸ਼ਾਸਨ ਸਾਡੇ ਇਸ ਕਦਮ ਨੂੰ ਸਾਡੀ ਕਮਜ਼ੋਰੀ ਨਾ ਸਮਝੇ।
ਕੌਮੀ ਮੀਡੀਆ ਨੂੰ ਅਪੀਲ
ਵਾਰਿਸ ਪੰਜਾਬ ਦੇ ਮੁੱਖੀ ਕੌਮੀ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਕੋਲੋਂ ਕੋਈ ਵੀ ਸਵਾਲ ਪੁੱਛ ਸਕਦੇ ਹਨ ਉਹ ਕਦੇ ਵੀ ਇਨਕਾਰ ਨਹੀਂ ਕਰਨਗੇ, ਪਰ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾਵੇ। ਅੰਮ੍ਰਿਤਪਾਲ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਬੰਦੇ ਇਸ ਗੱਲ ਤੋਂ ਅਸੁਰੱਖਿਅਤ ਹਨ ਕਿ ਮੈਂ ਰਾਜਨੀਤੀ ਵਿੱਚ ਜਾ ਸਕਦਾ ਹਾਂ, ਹਾਲਾਂਕਿ, ਮੈਂ ਰਾਜਨੀਤੀ ਵਿੱਚ ਜਾਣ ਬਾਰੇ ਕਦੇ ਸੋਚਿਆ ਵੀ ਨਹੀਂ ਹੈ