Punjab

ਲੁਧਿਆਣਾ ਦਾ ਨੌਜਵਾਨ ਘਰੋਂ ਨਿਕਲਿਆ ! ਵੈਸ਼ਣੋ ਦੇਵੀ ਜਾਣ ਵਾਲੀ ਟ੍ਰੇਨ ਕੋਲ ਪਹੁੰਚਿਆ !ਫਿਰ ਡਿੱਗਿਆ ਮਿਲਿਆ !

ਬਿਉਰੋ ਰਿਪੋਰਟ : ਸਨਅਤੀ ਸ਼ਹਿਰ ਲੁਧਿਆਣਾ ਤੋਂ ਇੱਕ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਕਸਬਾ ਖੰਨਾ ਦਾ ਰਹਿਣ ਵਾਲਾ ਨੌਜਵਾਨ ਸਤਜੀਤ ਸਿੰਘ ਘਰੋਂ ਨਿਕਲਿਆ ਅਤੇ ਫਿਰ ਥੋੜੀ ਦੇਰ ਉਹ ਵੈਸ਼ਣੋ ਦੇਵੀ ਤੋਂ ਕਾਮਾਖਿਆ ਜਾਣ ਵਾਲੇ ਟ੍ਰੇਨ ਕੋਲ ਪਹੁੰਚਿਆ ਅਤੇ ਫਿਰ ਉਸ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਦਿੱਤੀ । ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । 36 ਸਾਲ ਦੇ ਸਤਜੀਤ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ । ਹਾਦਸੇ ਦੇ ਫੌਰਨ ਬਾਅਦ ਲੋਕੋ ਪਾਇਲਟ ਨੇ ਖੰਨਾ ਸਟੇਸ਼ਨ ਮਾਸਟਰ ਨੂੰ ਦੱਸਿਆ ਕਿ ਇੱਕ ਨੌਜਵਾਨ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਦਿੱਤੀ । ਪੁਲਿਸ ਫੌਰਨ ਪਹੁੰਚੀ ਅਤੇ ਸਤਜੀਤ ਦੇ ਆਈਕਾਰਡ ਤੋਂ ਉਸ ਦੀ ਪਛਾਣ ਕੀਤੀ । ਦੱਸਿਆ ਜਾ ਰਿਹਾ ਹੈ ਕਿ ਸਤਜੀਤ ਕਾਫੀ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਸਤਜੀਤ ਦੀ 3 ਭੈਣਾਂ ਸਨ ਅਤੇ ਇੱਕ 9 ਸਾਲ ਦਾ ਪੁੱਤਰ ਵੀ ਸੀ ।

ਇਸ ਵਜ੍ਹਾ ਨਾਲ ਕੀਤੀ ਖੁਦਕੁਸ਼ੀ

ਦੱਸਿਆ ਜਾ ਰਿਹਾ ਹੈ ਕਿ ਸਤਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ । ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਹੀ ਆਪਣੀ ਤਿੰਨੋ ਭੈਣਾਂ ਦਾ ਵਿਆਹ ਬਹੁਤ ਹੀ ਚੰਗੇ ਤਰੀਕੇ ਨਾਲ ਕੀਤਾ । ਭੈਣਾਂ ਦੇ ਵਿਆਹ ਦੇ ਲਈ ਸਤਜੀਤ ਨੇ ਆਪਣੀ 2 ਏਕੜ ਜ਼ਮੀਨ ਵੀ ਵੇਚ ਦਿੱਤੀ ਸੀ । ਹਾਲਾਂਕਿ 5 ਏਕੜ ਜ਼ਮੀਨ ਹੁਣ ਵੀ ਉਸ ਦੇ ਕੋਲ ਸੀ । ਪਰ ਉਸ ਦੇ ਸਿਰ ‘ਤੇ 12 ਲੱਖ ਦਾ ਕਰਜ਼ਾ ਸੀ ਜਿਸ ਨੂੰ ਲੈਕੇ ਉਹ ਕਾਫੀ ਪਰੇਸ਼ਾਨ ਸੀ । ਮ੍ਰਿਤਕ ਸਤਜੀਤ ਦੇ ਪਿਤਾ ਦੀ ਵੀ ਕਾਫੀ ਦੇਰ ਪਹਿਲਾਂ ਮੌਤ ਹੋ ਗਈ ਸੀ । ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਸੀ । ਨੌਜਵਾਨ ਨੇ ਆਪਣੀ ਜ਼ਿੰਮੇਵਾਰੀ ਪੂਰੀ ਵੀ ਕੀਤੀ ਪਰ ਕਰਜ਼ੇ ਦੇ ਬੋਝ ਨੇ ਉਸ ਨੂੰ ਤੋੜ ਦਿੱਤਾ ਸੀ । ਭੈਣਾਂ ਦੇ ਵਿਆਹ ਤੋਂ ਬਾਅਦ ਉਹ ਆਪਣੀ ਮਾਂ ਪਤਨੀ ਅਤੇ 9 ਸਾਲ ਦੇ ਪੁੱਤਰ ਨਾਲ ਰਹਿੰਦਾ ਸੀ। ਪੁੱਤਰ ਹੁਣ ਆਪਣੇ ਪਿਤਾ ਨੂੰ ਤਲਾਸ਼ ਕਰ ਰਿਹਾ ਹੈ । ਉਸ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹੁਣ ਉਹ ਕਦੇ ਵੀ ਵਾਪਸ ਨਹੀਂ ਆਵੇਗਾ ।

ਪੁਲਿਸ ਨੇ ਸਤਜੀਤ ਸਿੰਘ ਦਾ ਪੋਸਟਮਾਰਟ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ । ਖੁਦਕੁਸ਼ੀ ਵਰਗੇ ਕਦਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਪੰਜਾਬ ਵਰਗੀ ਧਰਤੀ ‘ਤੇ ਬਿਲਕੁਲ ਵੀ ਨਹੀਂ । ਕਿਉਂਕਿ ਇਹ ਧਰਤੀ ਗਵਾਹ ਹੈ ਉਨ੍ਹਾਂ ਯੋਧਿਆਂ ਦੀ ਜਿਨ੍ਹਾਂ ਨੇ ਹਰ ਮੁਸ਼ਕਿਲ ਘੜੀ ਦਾ ਡੱਟ ਕੇ ਮੁਕਾਬਲਾ ਕੀਤਾ ਹੈ । ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਸਤਜੀਤ ਨੇ ਕਰਜ਼ਾ ਆਪਣੀ ਭੈਣ ਦੇ ਵਿਆਹ ਦੇ ਲਈ ਲਿਆ ਸੀ ਜਾਂ ਫਿਰ ਖੇਤੀ ਦੇ ਲਈ । ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਖੇਤੀ ਦੇ ਵੱਧ ਰਹੇ ਭਾਰ ਦੀ ਵਜ੍ਹਾ ਕਰਕੇ ਹੁਣ ਇਹ ਫਾਇਦੇ ਦਾ ਸੌਦਾ ਨਹੀਂ ਰਿਹਾ ਹੈ। ਪੰਜਾਬ ਵਿੱਚ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਲਈ ਕੁਝ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ ਕੁਝ ਹੱਦ ਤੱਕ ਕਿਸਾਨ ਆਪ ਵੀ ਜ਼ਿੰਮੇਵਾਰ ਹਨ ਜੋ ਬਿਨਾਂ ਸੋਚੇ ਸਮਝੇ ਜੇਬ ਤੋਂ ਵੱਧ ਸਮਾਗਮਾਂ ‘ਤੇ ਪੈਸੇ ਖਰਚ ਕਰਦੇ ਹਨ।