Punjab

ਕੇਂਦਰ ਦੀ ਪੰਜਾਬ ਸਰਕਾਰ ਨੂੰ ਫੰਡ ਦੇਣ ਤੋਂ ਨਾਂਹ, ਵਿਰੋਧੀ ਹੋਏ ਮਾਨ ਸਰਕਾਰ ਦੁਆਲੇ

ਦਿੱਲੀ : ਕੇਂਦਰ ਸਰਕਾਰ ਵਲੋਂ ਐਨਐਚਐਮ ਤਹਿਤ ਪੰਜਾਬ ਨੂੰ 546 ਕਰੋੜ ਰੁਪਏ ਦੀ ਅਗਲੀ ਕਿਸ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ .ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ NHM ਤਹਿਤ ਪੰਜਾਬ ਨੂੰ 546 ਕਰੋੜ ਰੁਪਏ ਦੀ ਅਗਲੀ ਕਿਸ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਆਪਣੇ ਟਵੀਟ ਵਿੱਚ ਚੀਮਾ ਨੇ ਲਿੱਖਿਆ ਹੈ ਕਿ ਇਹ ਸਿਹਤ ਤੰਦਰੁਸਤੀ ਕਲੀਨਿਕ ਨੂੰ ਆਮ ਆਦਮੀ ਕਲੀਨਿਕ ਵਜੋਂ ਬ੍ਰਾਂਡ ਕਰਨ ਲਈ ਰਾਜ ਨੂੰ ਜੁਰਮਾਨਾ ਕਰਨ ਲਈ ਕੀਤਾ ਗਿਆ ਹੈ।

ਇਸ ਸਾਰੇ ਵਰਤਾਰੇ ਨੂੰ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗੈਰ-ਜ਼ਰੂਰੀ ਹਉਮੈ ਦੇ ਟਕਰਾਅ ਦੱਸਦਿਆਂ ਚੀਮਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਦਾ ਸਿੱਧਾ ਅਸਰ ਗਰੀਬ ਮਰੀਜ਼ ਮਰੀਜਾਂ ਤੇ ਪਵੇਗਾ,ਜੋ ਇਹਨਾਂ ਦੇ ਇਸ ਟਕਰਾਅ ਦਾ ਸ਼ਿਕਾਰ ਹੋਣਗੇ।ਆਪਣੇ ਇਸ ਟਵੀਟ ਵਿੱਚ ਡਾ. ਚੀਮਾ ਨੇ ਅਖਬਾਰ ਵਿੱਚ ਛੱਪੀਆਂ ਖ਼ਬਰਾਂ ਨੂੰ ਵੀ ਸਾਂਝਾ ਕੀਤਾ ਹੈ,ਜਿਹਨਾਂ ਵਿੱਚ ਇਹ ਖ਼ਬਰ ਲਗੀ ਹੋਈ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਆਪਣੀ ਪ੍ਰਤੀਕਰੀਆ ਜ਼ਾਹਿਰ ਕੀਤੀ ਹੈ ਤੇ ਇੱਕ ਟਵੀਟ ਕਰਦਿਆਂ ਕਿਹਾ ਹੈ ਕਿ ਇਹ ਉਦੋਂ ਹੁੰਦਾ ਹੈ ਜਦੋਂ ਪੀਆਰ ਦੀਆਂ ਭੁੱਖੀਆਂ ਦੋ ਸਰਕਾਰਾਂ ਆਪਸ ਵਿੱਚ ਟਕਰਾ ਜਾਂਦੀਆਂ ਹਨ। ਕੇਂਦਰ ਸਰਕਾਰ ਨਾਰਾਜ਼ ਹੈ ਕਿਉਂਕਿ ਸੂਬਾ ਸਰਕਾਰ ਨੇ ਉਹਨਾਂ ਦੇ ਪ੍ਰੋਜੈਕਟ ਨੂੰ ਆਪਣੀ ਰੰਗਤ ਦੇ ਦਿੱਤੀ ਹੈ । ਇਸ ਲਈ ਕੇਂਦਰ ਨੇ ਫੰਡਿੰਗ ਨੂੰ ਰੋਕ ਦਿੱਤਾ ਹੈ ਪਰ ਇਸ ਦੌਰਾਨ ਨੁਕਸਾਨ ਜਨਤਾ ਦਾ ਹੀ ਹੋਵੇਗਾ।