ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਪਾਕਿਸਤਾਨ(Pakistan) ਨਾਲ ਕਿਸੇ ਵੀ ਕਿਸਮ ਦੇ ਵਪਾਰਕ ਸਬੰਧ (trade relations) ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਬੀਤੇ ਦਿਨ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ। ਦੱਸ ਦੇਈਏ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਅਰਥ ਸ਼ਾਸਤਰੀਆਂ ਵੱਲੋਂ ਪੰਜਾਬ ਅਤੇ ਪਾਕਿਸਤਾਨ ਨਾਲ ਚੰਗੇ ਵਪਾਰਕ ਸਬੰਧ ਬਣਾਉਣ ਦੀ ਮੰਗ ਚੁੱਕੀ ਜਾ ਰਹੀ ਹੈ। ਇਸ ਪਿੱਛੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਅਧਾਰਿਤ ਸੂਬਾ ਹੋਣ ਕਾਰਨ ਜੇਕਰ ਵਪਾਰ ਦਾ ਰਾਹ ਖੋਲਿਆ ਜਾਵੇ ਤਾਂ ਕਿਸਾਨੀ ਦੇ ਨਾਲ ਪੰਜਾਬ ਨੂੰ ਚੰਗਾ ਆਰਥਿਕ ਲਾਹਾ ਮਿਲੇਗਾ।
ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐੱਮ ਮਾਨ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਪਾਕਿਸਤਾਨ ਨਾਲ ਪੰਜਾਬ ਕੋਈ ਵਪਾਰਕ ਸਬੰਧ ਨਹੀਂ ਰੱਖੇਗਾ। ਇਸ ਪਿੱਛੇ ਮੁੱਖ ਮੰਤਰੀ ਨੇ ਤਰਕ ਦਿੱਤਾ ਹੈ ਕਿ ਪਾਕਿਸਤਾਨ ਪੰਜਾਬ ਵਿੱਚ ਨਸ਼ੀਲੇ ਪਦਾਰਥ ਅਤੇ ਡਰੋਨ ਰਾਹੀਂ ਹਥਿਆਰ ਭੇਜ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ। ਅਜਿਹੇ ਦੇਸ਼ ਨਾਲ ਕਿਸੇ ਕਿਸਮ ਦੇ ਸਬੰਧ ਰੱਖਣਾ ਕਿਸੇ ਵੀ ਪੱਖੋਂ ਸਹੀ ਨਹੀਂ ਹੈ।
‘ਜਾਖੜ ਭੇਜ ਸਕਦੇ ਪਾਕਿਸਾਤਨ ਨੂੰ ਕਿੰਨੂ’
ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀ ਜਾਖੜ ਨੇ ਸਦਭਾਵਨਾ ਵਜੋਂ ਪਾਕਿਸਤਾਨ ਦੀ ਮਦਦ ਕਰਨ ਦੀ ਮੰਗ ਚੁੱਕੀ ਹੈ। ਇਸ ਮੰਗ ਉੱਤੇ ਸੀਐੱਮ ਮਾਨ ਨੇ ਕਿਹਾ: “ਜਾਖੜ ਦਾ ਇਲਾਕਾ ਅਬੋਹਰ ਹੈ, ਜੋ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਜੇਕਰ ਜਾਖੜ ਸਾਹਿਬ ਨੂੰ ਇੰਨੀ ਹੀ ਹਮਦਰਦੀ ਹੈ ਤਾਂ ਉਹ ਆਪਣੇ ਕਿੰਨੂਆਂ ਨੂੰ ਦੇਸ਼ ਭੇਜ ਸਕਦੇ ਹਨ। ਅਸੀਂ ਉਨ੍ਹਾਂ ਦੀ ਮਦਦ ਕਿਉਂ ਕਰੀਏ ਜਦੋਂ ਉਹ ਸਾਡੇ ਨੌਜਵਾਨਾਂ ਨੂੰ ਹੌਲੀ ਹੌਲੀ ਜ਼ਹਿਰ ਨਾਲ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ?
ਕੀ ਕਿਹਾ ਸੀ ਸੁਨੀਲ ਜਾਖੜ ਨੇ
ਸੋਮਵਾਰ ਨੂੰ ਇੱਕ ਟਵੀਟ ਵਿੱਚ, ਜਾਖੜ ਨੇ ਕਿਹਾ ਕਿ ਲੱਖਾਂ ਲੋਕਾਂ ਨੂੰ ਭੋਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਸਲ ਵਿੱਚ ਦੀਵਾਲੀਆ ਪਾਕਿਸਤਾਨ ਨੂੰ ਮਦਦ ਦੀ ਸਖ਼ਤ ਲੋੜ ਹੈ। ਆਤਮ-ਵਿਸ਼ਵਾਸ ਨਾਲ ਭਰੇ ਭਾਰਤ ਨੂੰ ਦੁਸ਼ਮਣ ਦੇ ਡੂੰਘੇ ਮਨਸੂਬਿਆਂ ਦੇ ਬਾਵਜੂਦ ਇੱਕ ਪਰੇਸ਼ਾਨ ਗੁਆਂਢੀ ਦਾ ਸਮਰਥਨ ਕਰਨਾ ਚਾਹੀਦਾ ਹੈ। ਆਉ ਸਦਭਾਵਨਾ ਦੀ ਭਾਵਨਾ ਦਾ ਪ੍ਰਤੀਕਰਮ ਕਰੀਏ, ਜਿਸ ਨੇ ਕਰਤਾਰਪੁਰ ਲਾਂਘੇ ਨੂੰ ਸੰਭਵ ਬਣਾਇਆ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਠੀਕ ਹੈ। ਇਸ ਲਈ ਸੂਬੇ ਦੇ ਕਿਸੇ ਵੀ ਵਸਨੀਕ ਨੂੰ ਚਿੰਤਤ ਹੋਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੈਂਗਸਟਰਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲੀਸ ਦਿਨ-ਰਾਤ ਇਕ ਕਰਕੇ ਕੰਮ ਕਰ ਰਹੀ ਹੈ, ਜਿਸ ਸਦਕਾ ਵੱਡੀ ਗਿਣਤੀ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਕੇਂਦਰ ਸਰਕਾਰ ਦੀ ਮਦਦ ਨਾਲ ਸਰਹੱਦੀ ਖੇਤਰ ਵਿੱਚ ਚੌਕਸੀ ਵਧਾਈ ਗਈ ਹੈ।