ਦਿੱਲੀ : ਸਿੰਗਾਪੁਰ ਵਿੱਚ ਸਿਖਲਾਈ ਲੈਣ ਮਗਰੋਂ ਪਰਤੇ ਪੰਜਾਬ ਦੇ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਦਾ ਮੁੱਖ ਮੰਤਰੀ ਭਗਵੰਤ ਮਾਨ ( CM Bhagwant Mann ) ਨੇ ਸਵਾਗਤ ਕੀਤਾ। ਪਹਿਲੇ ਬੈਚ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਕਿਹਾ ਕਿ ਪ੍ਰਿੰਸੀਪਲਾਂ ਨੂੰ ਬਿਹਤਰੀਨ ਆਲਮੀ ਸਿੱਖਿਆ ਤਕਨੀਕਾਂ ਨਾਲ ਲੈਸ ਕਰਨ ਲਈ ਹੋਈ ਇਸ ਮਿਸਾਲੀ ਤਬਦੀਲੀ ਨਾਲ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਪ੍ਰਿੰਸੀਪਲਾਂ ਦੇ ਤਜਰਬੇ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਮੁਤਾਬਕ ਭਵਿੱਖ ਲਈ ਤਿਆਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਲਈ ਇਹ ਇਤਿਹਾਸਕ ਦਿਨ ਹੈ ਕਿਉਂਕਿ ਇਹ ਪ੍ਰਿੰਸੀਪਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਇਕ ਪ੍ਰੇਰਕ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਨਵੀਂ ਨੀਤੀ ਪੇਸ਼ ਹੁੰਦੀ ਹੈ ਤਾਂ ਵਿਰੋਧ ਦੀ ਆਵਾਜ਼ ਉੱਠਦੀ ਹੈ ਪਰ ਉਹ ਸੂਬੇ ਦੇ ਹਿੱਤ ਵਿੱਚ ਕੋਈ ਵੀ ਫ਼ੈਸਲੇ ਲੈਣ ਵਿੱਚ ਕੋਈ ਗੁਰੇਜ਼ ਨਹੀਂ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਧਿਆਪਕਾਂ ਤੋਂ ਅਧਿਆਪਨ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਲਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਪੱਤਰ ਮਿਲਿਆ ਕਿ ਅਧਿਆਪਕਾਂ ਦੀ ਡਿਊਟੀ ਜਨਗਣਨਾ ਲਈ ਲਗਾਈ ਜਾਵੇ ਪਰ ਉਨ੍ਹਾਂ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਇਸ ਕੰਮ ਲਈ ਹੋਰ ਸਿੱਖਿਅਤ ਨੌਜਵਾਨ ਲਗਾਏ ਜਾਣ।
ਮਾਨ ਨੇ ਕਿਹਾ ਕਿ ਇਸ ਨਾਲ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ, ਉੱਥੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਯਕੀਨੀ ਬਣੇਗੀ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਸ ਪ੍ਰਗਟਾਈ ਕਿ ਪਰਸਪਰ ਵਟਾਂਦਰਾ ਪ੍ਰੋਗਰਾਮ ਆਉਣ ਵਾਲੇ ਸਮਿਆਂ ਵਿੱਚ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਕੌਮੀ ਰਾਜਧਾਨੀ ਵਿੱਚ ਅਜਿਹੀਆਂ ਲੋਕ ਪੱਖੀ ਪਹਿਲਕਦਮੀਆਂ ਲਾਗੂ ਕਰਨ ਦੇ ਦਿੱਲੀ ਸਰਕਾਰ ਦੇ ਰਾਹ ਵਿੱਚ ਅੜਿੱਕੇ ਡਾਹੁਣ ਵਾਲਿਆਂ ਦੀ ਨਿਖੇਧੀ ਕੀਤੀ।
ਕੇਜਰੀਵਾਲ ਨੇ ਕਿਹਾ, ‘‘ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਸਿੰਗਾਪੁਰ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਪੰਜਾਬ ਆਉਂਦਾ ਦੇਖਾਂਗੇ।’’ ਇਸ ਮੌਕੇ ਉਤੇ ਪ੍ਰਿੰਸੀਪਲਾਂ ਨੇ ਸਿੰਗਾਪੁਰ ਵਿੱਚ ਸਿਖਲਾਈ ਦੌਰਾਨ ਮਿਲੇ ਤਜਰਬੇ ਸਾਂਝੇ ਕੀਤੇ। ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਹੋਰ ਹਾਜ਼ਰ ਸਨ।