ਮੁਹਾਲੀ : ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਦਿਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਛੇਵੇਂ ਦਿਨ ਫੇਰ 31 ਮੈਂਬਰੀ ਜਥਾ ਰਵਾਨਾ ਹੋਇਆ,ਜਿਹੜਾ ਕਿ ਵਾਈਪੀਐਸ ਚੌਂਕ ਤੋਂ ਹੁੰਦਾ ਹੋਇਆ 3 ਫੇਸ ਵਿਖੇ ਸਥਿਤ ਸਾਹਿਬਜਾਦਾ ਪਾਰਕ ਦੇ ਕੋਲ ਪਹੁੰਚਿਆ ਤਾਂ ਉਸ ਨੂੰ ਪੁਲਿਸ ਨੇ ਰੋਕ ਲਿਆ ਤੇ ਚੰਡੀਗੜ੍ਹ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ।
ਜਿਸ ਤੋਂ ਬਾਦ ਜਥੇ ਨੇ ਉਥੇ ਹੀ ਬੈਠ ਕੇ ਸ਼ਾਂਤਮਈ ਢੰਗ ਨਾਲ ਜਾਪ ਸ਼ੁਰੂ ਕਰ ਦਿਤਾ । ਹਾਲਾਂਕਿ ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਅਜ ਜਥੇ ਦਾ ਰੂਟ ਬਦਲ ਦਿਤਾ ਜਾਵੇਗਾ ਪਰ ਬੀਤੀ ਰਾਤ ਤੇ ਅੱਜ ਪੁਲਿਸ ਪ੍ਰਸ਼ਾਸਨ ਨਾਲ ਮੋਰਚੇ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ,ਜਿਸ ਤੋਂ ਬਾਅਦ ਰੂਟ ਉਹੀ ਰਖਿਆ ਗਿਆ।
ਇਸ ਦੌਰਾਨ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ । ਕੰਡੀਆਲੀਆਂ ਤਾਰਾਂ ਵਾਲੀ ਬੈਂਰੀਕੇਡਿੰਗ ਦੇ ਨਾਲ ਨਾਲ 3 ਪਰਤਾਂ ਵਿੱਚ ਸੁਰੱਖਿਆ ਦਸਤਿਆਂ ਦੀ ਤੈਨਾਤੀ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਰਾਹ ਬਲੌਕ ਕਰਨ ਲਈ ਪੁਲਿਸ ਨੇ ਟਿੱਪਰ,ਜੇਸੀਬੀ ਤੇ ਹੋਰ ਵਾਹਨ ਵੀ ਲਗਾਏ ਹੋਏ ਸਨ।