ਪਟਿਆਲਾ ਵਿਚ ਦੋ ਕਾਰਾਂ ਦੀ ਰੇਸ ਵਿਚ ਇਕ ਸਾਈਕਲ ਸਵਾਰ ਨੌਜਵਾਨ ਚਪੇਟ ਵਿਚ ਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਦਾ ਸਿਰ ਗੱਡੀ ਵਿਚ ਫਸ ਗਿਆ। ਬਦਮਾਸ਼ ਗੱਡੀ ਰੋਕਣ ਦੀ ਬਜਾਏ ਮਰਨ ਵਾਲੇ ਦਾ ਸਿਰ ਕਾਰ ਦੇ ਨਾਲ ਹੀ ਲੈ ਗਿਆ। 48 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਿਸ ਸਿਰ ਨਹੀਂ ਲੱਭ ਸਕੀ ਹੈ।
ਸਿਰ ਨਾ ਮਿਲਣ ਕਾਰਨ ਨੌਜਵਾਨ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਨਵਦੀਪ ਕੁਮਾਰ (42) ਵਾਸੀ ਤਫਜਲਪੁਰ ਵਜੋਂ ਹੋਈ ਹੈ। ਮ੍ਰਿਤਕ ਦੇਹ ਪੁਲਿਸ ਨੇ ਰਾਜਿੰਦਰਾ ਹਸਪਤਾਲ ਦੀ ਮੋਰਚੀ ਵਿਚ ਰਖਵਾਈ। ਘਟਨਾ ਥਾਪਰ ਕਾਲਜ ਤੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਰੋਡ ‘ਤੇ ਹੋਈ ਹੈ।
ਮਾਮਲੇ ਵਿਚ ਮੁਲਜ਼ਮ ਸੁਖਮਨ ਸਿੰਘ ਨੂੰ ਟ੍ਰੇਸ ਕਰਕੇ ਮਾਮਲੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਪਰ ਮੁੱਖ ਮੁਲਜ਼ਮ ਅਜੇ ਵੀ ਗ੍ਰਿਫਤ ਤੋਂ ਬਾਹਰ ਹੈ। ਨਵਦੀਪ ਪਰਿਵਾਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ।
ਮ੍ਰਿਤਕ ਨਵਦੀਪ ਦੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਨਵਦੀਪ ਕੁਮਾਰ ਫੰਕਸ਼ਨਾਂ ਵਿਚ ਕਾਫੀ ਦੀ ਸਟਾਲ ਲਗਾਉਣ ਦਾ ਕੰਮ ਕਰਦਾ ਸੀ। ਬੀਤੀ ਰਾਤ ਲਗਭਗ 12.15 ਵਜੇ ਉਸ ਦਾ ਭਰਾ ਸੈਂਟਲਰ ਜੇਲ੍ਹ ਪਟਿਆਲਾ ਵਿਚ ਫੰਕਸ਼ਨ ਲਗਾ ਕੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਐੱਚਡੀਐੱਫਸੀ ਬੈਂਕ ਨੇੜੇ ਦੋ ਤੇਜ਼ ਰਫਤਾਰ ਗੱਡੀਆਂ ਨੇ ਉਨ੍ਹਾਂ ਦੇ ਭਰਾ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ।
ਜਾਣਕਾਰੀ ਮਿਲਦੇ ਹੀ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਉਥੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਦੋ ਨੌਜਵਾਨ ਆਪਸ ਵਿਚ ਰੇਸ ਲਗਾ ਰਹੇ ਸਨ। ਇਸ ਦੇ ਬਾਵਜੂਦ ਪੁਲਿਸ ਨੇ ਦੇਰ ਰਾਤ ਤੋਂ ਦੁਪਹਿਰ ਬਾਅਦ ਤੱਕ ਪੀੜਤਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਸੀ। ਜਿਸ ਕਾਰਨ ਨਵਦੀਪ ਦਾ ਸ਼ੁੱਕਰਵਾਰ ਨੂੰ ਪੋਸਟਮਾਰਟਮ ਨਹੀਂ ਹੋ ਸਕਿਆ। ਕਾਫੀ ਜੱਦੋ-ਜਹਿਦ ਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ।