‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ( Navjot singh sidhu ) ਜੋ ਕਿ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਇੱਕ ਸਾਲ ਦਾ ਸਜ਼ਾ ਭੁਗਤ ਰਹੇ ਹਨ ਦੇ ਘਰ ਦੀ ਸਕਿਊਰਿਟੀ ਵਾਪਸੀ ਲੈ ਲਈ ਗਈ ਹੈ। ਨਵਜੋਤ ਸਿੰਘ ਸਿੱਧੂ ਇਸ ਵੇਲੇ ਪਟਿਆਲਾ ਜੇਲ ਵਿੱਚ ਬੰਦ ਹਨ। ਉਨ੍ਹਾਂ ਦੇ ਘਰ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਸਨ, ਜਿੰਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਅੱਜ ਸਵੇਰੇ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਸੱਦ ਲਿਆ ਗਿਆ ਹੈ। ਹਾਲੇ ਤੱਕ ਇਸ ਬਾਰੇ ਕੋਈ ਆਫਿਸ਼ੀਅਲ ਪੁਸ਼ਟੀ ਨਹੀਂ ਹੋਈ ਹੈ। ਪਰ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕਾਬਲੇਗੌਰ ਹੈ ਕਿ ਸੁਰੱਖਿਆ ਵਾਪਸ ਲੈਣ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕੀ ਸਿਰਫ ਪਟਿਆਲਾ ਕੋਠੀ ਤੋਂ ਹੀ ਸੁਰੱਖਿਆ ਹਟਾਈ ਗਈ ਹੈ ਜਾਂ ਅੰਮ੍ਰਿਤਸਰ ਕੋਠੀ ਤੋਂ ਵੀ ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ ਗਏ ਹਨ।
ਦੱਸ ਦਈਏ ਕਿ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੂੰ z+ ਸਕਿਊਰਿਟੀ ਮਿਲੀ ਹੋਈ ਹੈ। ਜਦੋਂ ਸਿੱਧੂ ਜੇਲ ਤੋਂ ਬਾਹਰ ਆਉਣਗੇ ਤਾਂ ਉਨ੍ਹਾਂ ਦੀ ਸਕਿਊਰਿਟੀ ਮੁੜ ਬਹਾਲ ਕਰ ਦਿੱਤੀ ਜਾਵੇਗਾ। ਦੂਜੇ ਪਾਸੇ ਸਿੱਧੂ ਨੇ ਸੁਰੱਖਿਆ ਖਤਰੇ ਦਾ ਜ਼ਿਕਰ ਕਰਦੇ ਹੋਏ ਲੁਧਿਆਣਾ ਅਦਾਲਤ ‘ਚ ਪੇਸ਼ੀ ਨੂੰ ਲੈ ਕੇ ਏਡੀਜੀਪੀ ਸੁਰੱਖਿਆ ਨੂੰ ਪੱਤਰ ਲਿਖਿਆ ਸੀ। ਹੁਣ ਪੰਜਾਬ ਪੁਲਿਸ ਵੱਲੋਂ ਤੈਨਾਤ ਘਰ ਦੀ ਸੁਰੱਖਿਆ ਵਾਪਸ ਬੁਲਾ ਲਈ ਗਈ ਹੈ।
26 ਜਨਵਰੀ ਨੂੰ ਰਿਹਾਅ ਹੋਣ ਵਾਲੀ ਕੈਦੀਆਂ ਦੀ ਸੂਚੀ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਕੈਦੀਆਂ ਦੀ ਤਿਆਰ ਕੀਤੀ ਗਈ ਸੂਚੀ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਵਿਚਾਰਿਆ ਜਾਣਾ ਸੀ। ਮੀਟਿੰਗ 1 ਫਰਵਰੀ ਨੂੰ ਹੋਈ ਸੀ ਜਿਸ ਕਾਰਨ ਸਿੱਧੂ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ।