ਮੋਗਾ ਦੀ ਅਦਾਲਤ ਨੇ ਕੀਟਨਾਸ਼ਕ ਕੰਪਨੀ ਦੇ ਮਾਲਕ, ਡਾਇਰੈਕਟਰ ਸਣੇ ਛੇ ਨੂੰ ਇਕ ਸਾਲ ਦੀ ਕੈਦ ਸੁਣਾਈ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੀਟਨਾਸ਼ਕ ਕੰਪਨੀ ਕਰਿਸਟਲ ਕਰੌਪ ਪ੍ਰੋਟੈਕਸ਼ਨ ਲਿਮਟਿਡ ਦਿੱਲੀ ਦੇ ਮਾਲਕ ਅਰਜਨ ਚੱਕ, ਡਾਇਰੈਕਟਰ ਅਰਵਿੰਦ ਕੁਮਾਰ ਤਿਆਗੀ, ਕੰਪਨੀ ਦੇ ਕੁਆਲਟੀ ਕੰਟਰੋਲ ਅਧਿਕਾਰੀ ਸੰਜੀਵ ਕੁਮਾਰ, ਗੁਦਾਮ ਇੰਚਾਰਜ ਦਵਿੰਦਰ ਸਿੰਘ, ਬਰਾੜ ਖੇਤੀ ਸੇਵਾ ਸੈਂਟਰ ਦੇ ਮਾਲਕ ਬਲਵਿੰਦਰ ਸਿੰਘ ਵਾਸੀ ਪਿੰਡ ਜਲਾਲਾਬਾਦ ਪੂਰਬੀ ਤੇ ਧਾਲੀਵਾਲ ਖੇਤੀ ਸੇਵਾ ਸੈਂਟਰ ਦੇ ਮਾਲਕ ਲਵਦੀਪ ਵਾਸੀ ਬੱਧਨੀ ਕਲਾਂ ਖ਼ਿਲਾਫ਼ ਸਥਾਨਕ ਅਦਾਲਤ ਵਿੱਚ 2017 ’ਚ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਨਸੈਕਟੀਸਾਈਡ ਇੰਸਪੈਕਟਰ ਡਾ. ਗੁਰਪ੍ਰੀਤ ਸਿੰਘ ਤੇ ਖੇਤੀਬਾੜੀ ਅਫ਼ਸਰ ਸੁਖਦੇਵ ਸਿੰਘ ਨੇ 2016 ਵਿੱਚ ਬਰਾੜ ਖੇਤੀ ਸੇਵਾ ਸੈਂਟਰ ਜਲਾਲਾਬਾਦ ਪੂਰਬੀ ਦੀ ਦੁਕਾਨ ਤੋਂ ਕਾਰਟਪ ਹਾਈਡ੍ਰੋਕਲੋਰਾਈਡ 4 ਫ਼ੀਸਦੀ ਨਿਦਾਨ ਬਰਾਂਡ ਨਮੂਨਾ ਭਰਿਆ ਸੀ। ਇਸ ਡੀਲਰ ਨੂੰ ਇਹ ਦਵਾਈ ਧਾਲੀਵਾਲ ਖੇਤੀ ਸੇਵਾ ਸੈਂਟਰ ਬੱਧਨੀ ਕਲਾਂ ਨੇ ਵੇਚੀ ਸੀ। ਸਰਕਾਰੀ ਲੈਬਾਰਟਰੀ ਤੋਂ ਇਹ ਨਮੂਨਾ ਫੇਲ੍ਹ ਦੀ ਰਿਪੋਰਟ ਪ੍ਰਾਪਤ ਹੋਈ ਸੀ।