ਬਿਉਰੋ ਰਿਪੋਰਟ : ਗੁਰਦਾਸਪੁਰ ਵਿੱਚ ਕੁਝ ਨੌਜਵਾਨਾਂ ਦੀ ਕਰਤੂਤ ਨਾਲ ਸਕੂਲ ਜਾ ਰਹੇ ਬੱਚੇ ਸਹਿਮ ਗਏ । ਨੌਜਵਾਨਾਂ ਨੇ ਸਕੂਲ ਵੈਨ ‘ਤੇ ਤਲਵਾਰਾਂ ਤੇ ਦਾਤਰ ਨਾਲ ਹਮਲਾ ਕਰ ਦਿੱਤਾ ।ਵੈਨ ਵਿੱਚ ਬੈਠੇ ਬੱਚੇ ਚੀਕ ਦੇ ਰਹੇ । ਇਸ ਪੂਰੀ ਘਟਨਾ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਬੱਚੇ ਰੋਂਦੇ ਹੋਏ ਵਿਖਾਈ ਦੇ ਰਹੇ ਹਨ। ਇਹ ਹਮਲਾ ਇੱਕ ਕੁੱਤੇ ਦੇ ਵੈਨ ਹੇਠਾਂ ਆਉਣ ਦੀ ਵਜ੍ਹਾ ਕਰਕੇ ਕੀਤਾ ਗਿਆ ਸੀ ।
ਦਅਰਸਲ ਮਾਮਲਾ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਹਰਚੋਵਾਲ ਦਾ ਹੈ । ਡਰਾਇਵਰ ਮੁਤਾਬਿਕ ਉਹ ਪਿੰਡ ਦੀਆਂ ਤੰਗ ਗਲੀਆਂ ਵਿੱਚ ਘੱਟ ਸਪੀਡ ‘ਤੇ ਗੱਡੀ ਚੱਲਾ ਰਿਹਾ ਸੀ । ਇਸ ਦੌਰਾਨ 2 ਕੁੱਤੇ ਲੜਦੇ -ਲੜਦੇ ਬੱਸ ਦੇ ਅੱਗੇ ਆ ਗਏ । ਡਰਾਇਵਰ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਕੁੱਤਾ ਵੈਨ ਦੇ ਹੇਠਾਂ ਆਕੇ ਮਰ ਗਿਆ । ਕੁਝ ਮਿੰਟਾਂ ਵਿੱਚ ਨੌਜਵਾਨ ਤਲਵਾਰਾਂ ਲੈਕੇ ਆ ਗਏ ਅਤੇ ਵੈਨ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ । ਇਹ ਵੇਖ ਕੇ ਵੈਨ ਦੇ ਅੰਦਰ ਬੈਠੇ ਬੱਚੇ ਡਰ ਗਏ ਅਤੇ ਚੀਕਾ ਮਾਰਨ ਲੱਗੇ । ਨੌਜਵਾਨਾਂ ਦਾ ਤਰਕ ਸੀ ਕਿ ਉਨ੍ਹਾਂ ਦਾ 50 ਹਜ਼ਾਰ ਰੁਪਏ ਦਾ ਕੁੱਤਾ ਮਾਰ ਦਿੱਤਾ । ਡਰਾਇਵਰ ਨੇ ਪਿੰਡ ਵਾਲਿਆ ਤੋਂ ਮਦਦ ਮੰਗੀ ।
ਪਿੰਡ ਵਾਲੇ ਬੱਚਿਆਂ ਨੂੰ ਬਚਾਉਣ ਪਹੁੰਚੇ
ਬੱਚਿਆਂ ਦੇ ਰੋਣ ਦੀ ਆਵਾਜ਼ ਸੁਣਨ ਦੇ ਬਾਅਦ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚ ਗਏ । ਉਨ੍ਹਾਂ ਨੇ ਕੁੱਤੇ ਦੇ ਮਾਲਿਕ ਨੂੰ ਇੱਕ ਪਾਸੇ ਕੀਤਾ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ । ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਹੈ,ਵੈਨ ਵਿੱਚ ਬੈਠੇ ਬੱਚੇ ਇਹ ਚੀਜ਼ ਵੇਖ ਕੇ ਸਹਿਮੇ ਰਹੇ ਅਤੇ ਰੋਂਦੇ ਰਹੇ । ਜਿਹੜੇ ਬੱਚੇ ਵੈਨ ਵਿੱਚ ਬੈਠੇ ਸਨ ਉਨ੍ਹਾਂ ਦੀ ਉਮਰ 6 ਤੋਂ 7 ਸਾਲ ਦੇ ਵਿੱਚ ਸੀ । ਅਜਿਹੇ ਵਿੱਚ ਹਥਿਆਰਾਂ ਨੂੰ ਵੇਖ ਕੇ ਉਨ੍ਹਾਂ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਕੁੱਤੇ ਦਾ ਬਦਲਾ ਲੈਣ ਵਿੱਚ ਬੱਚਿਆਂ ਦੀ ਕੋਈ ਪਰਵਾਹ ਨਹੀਂ
ਵੈਨ ਡਰਾਇਵਰ ਦਾ ਕਹਿਣਾ ਹੈ ਕਿ ਜਿਸ ਵੇਲੇ ਵੈਨ ‘ਤੇ ਹਮਲਾ ਕੀਤਾ ਉਸ ਵੇਲੇ ਹਮਲਾਵਰਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ । ਪਰ ਗੁੱਸੇ ਵਿੱਚ ਹਮਲਾਵਰ ਇਹ ਹੀ ਬੋਲ ਦੇ ਰਹੇ ਸਨ ਕਿ ਉਨ੍ਹਾਂ ਦਾ 50 ਹਜ਼ਾਰ ਦਾ ਕੁੱਤਾ ਸੀ। ਪਰ ਉਹ ਇਹ ਨਹੀਂ ਸਮਝ ਰਹੇ ਸਨ ਕਿ ਬੱਚੇ ਉਨ੍ਹਾਂ ਦੀ ਹਰਕਤਾਂ ਨਾਲ ਕਿੰਨੇ ਡਰ ਗਏ ਸਨ । ਫਿਲਹਾਲ ਪੁਲਿਸ ਕੋਲ ਮਾਮਲਾ ਪਹੁੰਚ ਗਿਆ ਹੈ ਅਤੇ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ । ਪਰ ਜਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਤਲਵਾਰਾਂ ਦੇ ਨਾਲ ਡਰਾਇਆ ਗਿਆ ਹੈ ਉਸ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।