ਅੰਮ੍ਰਿਤਸਰ : ਪੰਜਾਬ ਦੀ ਕਾਨੂੰਨ ਅਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਖੌਫ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸੇ ਦੌਰਾਨ ਲੁੱਟ ਖੋਹ ਦੀ ਇੱਕ ਹੋਰ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਦੁਕਾਨਦਾਰ ‘ਤੇ ਗੋਲੀਆਂ ਚਲਾ ਦਿੱਤੀਆਂ ।
ਇਹ ਗੋਲੀਆਂ ਦੁਕਾਨਦਾਰ ਨੂੰ ਲੱਗੀਆਂ ਜਦੋਂ ਇਹ ਰਾਤ ਨੂੰ ਆਪਣੀ ਦੁਕਾਨ ‘ਤੇ ਗਾਹਕ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੇਟ ਹਕੀਮਾਨ ਨੇੜੇ ਅਮਨ ਐਵੇਨਿਊ ਵਿੱਚ ਵਾਪਰੀ। ਰਾਤ ਕਰੀਬ 8.30 ਵਜੇ ਮਿੱਲ ਦਾ ਮਾਲਕ ਰਜਿੰਦਰ ਅਰੋੜਾ ਆਪਣੀ ਦੁਕਾਨ ‘ਤੇ ਬੈਠਾ ਸੀ। ਉਦੋਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ। ਜਿਸ ‘ਤੇ ਦੋਵੇਂ ਜਣੇ ਉਸ ਦੀ ਦੁਕਾਨ ‘ਤੇ ਆ ਗਏ। ਦੋਹਾਂ ਨੇ ਸਿਰ ਝੁਕਾ ਕੇ ਸਤਿ ਸ਼੍ਰੀ ਅਕਾਲ ਕਿਹਾ। ਇਸ ਤੋਂ ਬਾਅਦ ਉਸ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ। ਉਸ ਨੇ ਗੋਲੀਆਂ ਸਿੱਧੀਆਂ ਪੱਟ ਵਿਚ ਮਾਰੀਆਂ ਅਤੇ ਉਥੋਂ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਉਸੇ ਸਮੇਂ ਦੁਕਾਨ ‘ਤੇ ਆ ਗਏ। ਰਜਿੰਦਰ ਅਰੋੜਾ ਨੂੰ ਚੁੱਕ ਕੇ ਕਾਰ ਵਿਚ ਬੈਠਾ ਕੇ ਹਸਪਤਾਲ ਲੈ ਗਏ। ਰਜਿੰਦਰ ਨੂੰ ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਹੈ।
ਅੰਮ੍ਰਿਤਸਰ ਦੇ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਕੈਮਰੇ ਖ਼ਰਾਬ ਸਨ। ਜਿਸ ਕਾਰਨ ਉਹ ਦੁਕਾਨ ਦੇ ਅੰਦਰ ਦੀ ਫੁਟੇਜ ਹਾਸਲ ਨਹੀਂ ਕਰ ਸਕੇ। ਕੁਝ ਹੋਰ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਾਰਨ ਦਾ ਪਤਾ ਲਗਾਇਆ ਜਾ ਸਕੇ।