ਮੁਹਾਲੀ : ਕੱਲ੍ਹ ਕੌਮੀ ਇਨਸਾਫ਼ ਮੋਰਚਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਪਿਛਲੇ ਦਿਨੀਂ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਿਓਰਾ ਜੀ ਦੇ ਵਕੀਲ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਸੀ।
ਆਗੂਆਂ ਨੇ ਮੋਰਚੇ ਨੂੰ ਲੈ ਕੇ ਕਈ ਅਹਿਮ ਫੈਸਲੇ ਵੀ ਸੰਗਤ ਦੇ ਅੱਗੇ ਰੱਖੇ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਸੰਗਤਾਂ ਦੀ ਮੰਗ ਦੇ ਮੁਤਾਬਕ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਧਾਰਮਿਕ ਸਮਾਗਮ ਹੋਇਆ ਕਰਨਗੇ। ਇਨ੍ਹਾਂ ਦੋ ਦਿਨਾਂ ਵਿੱਚ ਕੋਈ ਬੁਲਾਰਾ ਨਹੀਂ ਬੋਲੇਗਾ।
ਮੋਰਚੇ ਦੀ ਅਗਲੀ ਨੀਤੀ ਉਲੀਕਣ ਲਈ ਇੱਕ ਕਮੇਟੀ ਦਾ ਗਠਨ ਕਰਨ ਦਾ ਵੀ ਐਲਾਨ ਕੀਤਾ। ਇਸ ਕਮੇਟੀ ਵਿੱਚ 31 ਜਾਂ 51 ਮੈਂਬਰ ਸ਼ਾਮਿਲ ਹੋ ਸਕਦੇ ਹਨ। ਆਗੂਆਂ ਨੇ ਦੱਸਿਆ ਕਿ ਸਾਰਿਆਂ ਦੀ ਰਾਇ ਦਾ ਪੂਰਾ ਸਤਿਕਾਰ ਕੀਤਾ ਜਾ ਰਿਹਾ ਹੈ। ਕਮੇਟੀ ਵਿੱਚ ਕਿਸਾਨਾਂ ਦੇ ਮੈਂਬਰ ਵੀ ਲਏ ਜਾਣਗੇ।
ਫਿਲਹਾਲ ਮੋਰਚੇ ਵੱਲੋਂ ਜੋ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਵਿੱਚ ਪੰਜ ਮੈਂਬਰ ਸ਼ਾਮਿਲ ਕੀਤੇ ਗਏ ਹਨ। ਆਗੂਆਂ ਨੇ ਦੱਸਿਆ ਕਿ ਹਾਲੇ ਤੱਕ ਸਰਕਾਰ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ।
ਕੱਲ੍ਹ ਯਾਨਿ 3 ਫਰਵਰੀ ਨੂੰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਚੰਡੀਗੜ੍ਹ ਵਿੱਚ ਪੇਸ਼ੀ ਵੀ ਹੈ। ਆਗੂਆਂ ਨੇ ਦੱਸਿਆ ਕਿ ਅਸੀਂ ਏਡੀਜੀਪੀ ਲਾਅ ਐਂਡ ਆਰਡਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਪੇਸ਼ੀ ਲਈ ਚੰਡੀਗੜ੍ਹ ਲੈ ਕੇ ਆਉਣ। ਜੇਕਰ ਉਹ ਹਵਾਰਾ ਨੂੰ ਚੰਡੀਗੜ੍ਹ ਨਹੀਂ ਲੈ ਕੇ ਆਉਂਦੇ ਤਾਂ 5 ਫਰਵਰੀ ਤੋਂ ਅਸੀਂ ਅਜਿਹਾ ਐਕਸ਼ਨ ਲਵਾਂਗੇ ਜਿਸ ਨਾਲ ਮੋਰਚਾ ਤਾਂ ਵਧੇਗਾ ਹੀ, ਸਰਕਾਰ ਦੀ ਸੰਘੀ ਵੀ ਘੁੱਟੀ ਜਾਵੇਗੀ। ਮੋਰਚੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੋਰਚੇ ਵਿੱਚ ਪਹੁੰਚਣ ਉੱਤੇ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ