ਮੁਹਾਲੀ : ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ 50 ਦੇ ਕਰੀਬ ਸਾਥੀਆਂ ਨਾਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਰੇ ਮਨ ਨਾਲ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦੇ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ’ਤੇ ਅਸਤੀਫਾ ਭੇਜਿਆ ਗਿਆ ਹੈ। ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਉਹ ਲਗਭਗ 36 ਸਾਲ ਤੋਂ ਪਾਰਟੀ ਦੇ ਵਫਾਦਾਰ ਸਿਪਾਹੀ ਦੇ ਤੌਰ ’ਤੇ ਕੰਮ ਕਰਦੇ ਆ ਰਹੇ ਹਨ ਪਰ ਪਾਰਟੀ ਨੇ ਉਨ੍ਹਾਂ ਦੀ ਅਤੇ ਉਸ ਦੇ ਪਰਿਵਾਰ ਦੀ ਹਰ ਕੁਰਬਾਨੀ ਨੂੰ ਅਣਗੌਲਿਆਂ ਕੀਤਾ ਗਿਆ ਹੈ। ਚਾਰ ਵਾਰ ਕੌਂਸਲਰ ਦੀ ਚੋਣ ਜਿੱਤੇ ਸਨ ਅਤੇ ਇਕ ਵਾਰ ਬਿਨਾਂ ਮੁਕਾਬਲਾ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਪਾਈ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਉਹ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਮੂਲੋਂ ਹੀ ਨਜ਼ਰ-ਅੰਦਾਜ਼ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਜਥੇ, ਤੇਗਾ ਸਿੰਘ ਬੱਲ ਅਤੇ ਚਰਨਜੀਤ ਸਿੰਘ ਮੱਕੜ, ਸੀਨੀ ਮੀਤ ਪ੍ਰਧਾਨ) ਦੇ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਪਰ ਪਾਰਟੀ ਦਾ ਕੋਈ ਵੀ ਸੀਨੀਅਰ ਆਗੂ ਅਫਸੋਸ ਕਰਨ ਤੱਕ ਨਹੀਂ ਪੁੱਜਾ ਤੇ ਨਾ ਹੀ ਪਰਿਵਾਰ ਨੂੰ ਬਣਦਾ ਮਾਣ ਦਿੱਤਾ ਗਿਆ। ਇਥੋਂ ਤਕ ਪਾਰਟੀ ਵਲੋਂ ਉਕਤ ਅਗੂਆਂ ਦੇ ਭੋਗ ਸਮਾਗਮ ਤੋਂ ਵੀ ਦੂਰੀ ਰੱਖੀ ਗਈ। ਅਜਿਹੀ ਪਾਰਟੀ ਤੋਂ ਪਾਰਟੀ ਦੇ ਵਰਕਰ ਹੋਰ ਕੀ ਉਮੀਦ ਰੱਖ ਸਕਦੇ ਹਨ।