ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਹੈ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ।ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਬਜਟ ਵਿੱਚ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ।
ਇਸੇ ਦੌਰਾਨ ਵਿੱਤ ਮੰਤਰੀ ਨੇ ਖੇਤੀਬਾੜੀ ਨੂੰ ਲਾ ਕੇ ਕਈ ਅਹਿਮ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਜਾਰੀ ਰਹੇਗੀ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਅਨਾਜ ਦੇ ਮਾਮਲੇ ‘ਚ ਗਲੋਬਲ ਹੱਬ ਬਣਾਉਣਾ ਹੋਵੇਗਾ। ਇਸ ਦੇ ਲਈ ਹੈਦਰਾਬਾਦ ਵਿੱਚ ਸ਼੍ਰੀ ਅੰਨਾ ਦਾ ਭਾਰਤੀ ਸੰਸਥਾਨ ਸਥਾਪਿਤ ਕੀਤਾ ਜਾਵੇਗਾ। ਜਿਸ ਨੂੰ ਸੈਂਟਰ ਆਫ਼ ਐਕਸੀਲੈਂਸ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਖੋਜ ਕੀਤੀ ਜਾਵੇਗੀ।
ਖੇਤੀ ਲਈ ਅਹਿਮ ਐਲਾਨ
- ਖੇਤੀ ਲਈ ਡਿਜੀਟਲ ਢਾਂਚਾਗਤ ਸਹੂਲਤਾਂ
- ਖੇਤੀ ਪ੍ਰੋਸਤਾਹਨ ਫੰਡ ਸਥਾਪਿਤ ਕੀਤਾ ਜਾਵੇਗਾ
- 20 ਲੱਖ ਕਰੋੜ ਦਾ ਕਿਸਾਨੀ ਕਰਜ਼ਾ ਫੰਡ
- ਮੁਫ਼ਤ ਅਨਾਜ ਉੱਤੇ 2 ਲੱਖ ਕਰੋੜ ਤੋਂ ਜ਼ਿਆਦਾ ਬਜਟ ਰੱਖਿਆ ਗਿਆ ਹੈ।
- 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮਿਲੇਗਾ।
- ਕਪਾਹ ਖੇਤੀ ਦੇ ਲਈ ਪੀਪੀਪੀ ਮਾਡਲ ਉੱਤੇ ਜ਼ੋਰ ਦਿੱਤਾ ਗਿਆ ਹੈ।
- ਬਾਗਬਾਨੀ ਯੋਜਨਾਵਾਂ ਲਈ 2200 ਕਰੋੜ ਰੁਪਏ ਰੱਖੇ ਗਏ ਹਨ।
- ਇਸ ਬਜਟ ਵਿੱਚ ਖੇਤੀ ਖੇਤਰ ਵਿੱਚ ਸਟਾਰਟਅਪ ਨੂੰ ਬੜ੍ਹਾਵਾ ਦਿੱਤਾ ਗਿਆ ਹੈ।
- ਖੇਤੀ ਸਟਾਰਟਅਪ ਖੋਲ੍ਹਣ ਦੇ ਲਈ AAF ਸਥਾਪਿਤ ਹੋਵੇਗੀ।
- ਖੇਤੀ ਖੇਤਰ ਵਿੱਚ ਕਿਸਾਨਾਂ ਨੂੰ ਡਿਜੀਟਲ ਟ੍ਰੇਨਿੰਗ ਦਿੱਤੀ ਜਾਵੇਗੀ।
- ਐਗਰੀਕਲਚਰ ਐਕਸੇਲਰੇਟਰ ਫੰਡ ਦਾ ਗਠਨ ਹੋਵੇਗਾ।
- ਮੋਟੇ ਅਨਾਜ ਲਈ ਗਲੋਬਲ ਹਬ ਬਣਨ ਨੂੰ ਤਿਆਰ ਹਨ।
- ਮੋਟੇ ਅਨਾਜ ਨੂੰ ਬੜ੍ਹਾਵਾ ਦੇਣ ਲਈ ਸ਼੍ਰੀ ਅੰਨ ਯੋਜਨਾ
- ਭਾਰਤੀ ਮਿਲੇਟਸ ਸੰਸਥਾ ਦਾ ਗਠਨ ਹੋਵੇਗਾ
- ਖੇਤੀ ਖੇਤਰ ਵਿੱਚ ਸਟੋਰੇਜ ਨੂੰ ਵਧਾਇਆ ਜਾਵੇਗਾ
- ਪਸ਼ੂ, ਮੱਛੀ ਪਾਲਨ, ਡੇਅਰੀ ਖੇਤਰ ‘ਚ ਕਰਜ਼ਾ ਦੇਣ ਦਾ ਫੋਕਸ
- ਕਰਨਾਟਕਾ ‘ਚ ਸੋਕੇ ਲਈ 5300 ਕਰੋੜ ਦਿੱਤੇ ਜਾਣਗੇ
- ਕੀਟਨਾਸ਼ਕ ਲਈ 100 ਬਾਇਓਇਨਪੁਟ ਸੈਂਟਰ
- ਗੋਬਰ ਧਨ ਸਕੀਮ ਤਹਿਤ 10,000 ਕਰੋੜ ਖਰਚ
- ਵਿਆਪਕ ਕੇਂਦਰੀਕਰਨ ਭੰਡਾਰਨ ਦੀ ਯੋਜਨਾ
- 1 ਕਰੋੜ ਕਿਸਾਨਾਂ ਨੂੰ ਕਰਵਾਈ ਜਾਵੇਗੀ ਨੈਚਰਲ ਫਾਰਮਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2023-24 ਦੇ ਪੇਸ਼ ਕੀਤੇ ਬਜਟ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਇਸ ਵਿੱਚ ਪਛੜੇ ਵਰਗਾਂ ਨੂੰ ਪਹਿਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਮੱਧ ਵਰਗ ਦੀਆਂ ਉਮੀਦਾਂ ਨਾਲ ਭਰਪੂਰ ਸਮਾਜ ਦੇ ਸੁਫ਼ਨਿਆਂ ਨੂੰ ਪੂਰਾ ਕਰੇਗਾ ਬਜਟ।
ਕਿਸਾਨ ਇਸ ਬਜਟ ਤੋਂ ਨਿਰਾਸ਼ ਨਜ਼ਰ ਆਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਜਿਸ ਤਰ੍ਹਾਂ ਦੀ ਉਮੀਦ ਸੀ, ਉਸ ਤਰ੍ਹਾਂ ਦਾ ਬਜਟ ਪੇਸ਼ ਨਹੀਂ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਇਨ੍ਹਾਂ ਦਾ ਆਖਰੀ ਬਜਟ ਹੋਣ ਕਰਕੇ ਸਾਨੂੰ ਕੁਝ ਰਾਹਤ ਦੀ ਉਮੀਦ ਸੀ।
ਅਦਾਕਾਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਬਜਟ ਵਿੱਚ ਹਮ ਦੋ ਹਮਾਰੇ ਦੋ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਡੀਜ਼ਲ, ਪੈਟਰੋਲ ਉੱਤੇ ਕੋਈ ਗੱਲ ਨਹੀਂ ਕੀਤੀ ਗਈ ਹੈ। ਸਾਡੇ ਬਹੁਤ ਸਾਰੇ ਕੈਦੀ ਜੇਲ੍ਹ ਵਿੱਚ ਪਏ ਹੋਏ ਹਨ, ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਨਵਜੋਤ ਸਿੱਧੂ ਦੀ ਰਿਹਾਈ ਦਾ ਉਨ੍ਹਾਂ ਨੇ ਵਿਸ਼ੇਸ਼ ਜ਼ਿਕਰ ਕੀਤਾ।
ਕਾਂਗਰਸ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਬਜਟ ‘ਤੇ ਵਾਹ-ਵਾਹੀ ਖੱਟੀ ਸੀ ਪਰ ਅਸਲੀਅਤ ਸਾਹਮਣੇ ਆ ਗਈ ਕਿਉਂਕਿ ਉਸ ਦੀ ਰਣਨੀਤੀ ‘ਵਧੇਰੇ ਵਾਅਦੇ ਅਤੇ ਕੰਮ ਘੱਟ ਕਰਨ ਵਾਲੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਪਿਛਲੇ ਸਾਲ ਦੇ ਬਜਟ ਵਿੱਚ ਖੇਤੀਬਾੜੀ, ਸਿਹਤ, ਸਿੱਖਿਆ, ਮਨਰੇਗਾ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਨਾਲ ਸਬੰਧਤ ਅਲਾਟਮੈਂਟ ਲਈ ਪ੍ਰਸ਼ੰਸਾ ਕੀਤੀ ਗਈ ਸੀ। ਅੱਜ ਅਸਲੀਅਤ ਸਭ ਨੂੰ ਪਤਾ ਹੈ। ਅਸਲ ਖਰਚਾ ਬਜਟ ਨਾਲੋਂ ਬਹੁਤ ਘੱਟ ਹੈ।’ ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਬਜਟ ਦੀ ਆਲੋਚਨਾ ਕੀਤੀ ਹੈ ਤੇ ਇਸ ਨੂੰ ਗਰੀਬ ਤੇ ਮੱਧ ਵਰਗ ਵਿਰੋਧੀ ਕਰਾਰ ਦਿੱਤਾ ਹੈ।
ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰੀ ਬਜਟ ਦੀ ਨਿੰਦਾ ਕੀਤੀ ਗਈ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਇਸ ਬਜਟ ਵਿੱਚ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਹੈ। ਇਸ ਦੇ ਉਲਟ ਇਹ ਬਜਟ ਮਹਿੰਗਾਈ ਵਧਾਏਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਸਿੱਖਿਆ ਬਜਟ 2.64 ਫੀਸਦ ਤੋਂ ਘਟਾ ਕੇ 2.5 ਫੀਸਦ ਕਰਨਾ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਬਜਟ ਨੂੰ 2.2 ਫੀਸਦ ਤੋਂ ਘਟਾ ਕੇ 1.98 ਫੀਸਦ ਕਰਨਾ ਨੁਕਸਾਨਦੇਹ ਹੈ। ਉਨ੍ਹਾਂ ਕੇਂਦਰ ਸਰਕਾਰ ਉਪਰ ਦਿੱਲੀ ਨਾਲ ਮਤਰੇਆ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਵੀ ਲਾਇਆ। ਦੂਜੇ ਟਵੀਟ ਚ ਉਨ੍ਹਾਂ ਕਿਹਾ, ‘ਦਿੱਲੀ ਦੇ ਲੋਕਾਂ ਨਾਲ ਫਿਰ ਤੋਂ ਮਤਰੇਈ ਮਾਂ ਵਾਲਾ ਸਲੂਕ। ਦਿੱਲੀ ਦੇ ਲੋਕਾਂ ਨੇ ਪਿਛਲੇ ਸਾਲ 1.75 ਲੱਖ ਕਰੋੜ ਤੋਂ ਜ਼ਿਆਦਾ ਦਾ ਇਨਕਮ ਟੈਕਸ ਅਦਾ ਕੀਤਾ ਹੈ। ਉਸ ਵਿੱਚੋਂ ਸਿਰਫ਼ 325 ਕਰੋੜ ਰੁਪਏ ਦਿੱਲੀ ਦੇ ਵਿਕਾਸ ਲਈ ਦਿੱਤੇ ਗਏ ਹਨ। ਇਹ ਦਿੱਲੀ ਦੇ ਲੋਕਾਂ ਨਾਲ ਘੋਰ ਬੇਇਨਸਾਫੀ ਹੈ।’