Punjab

Cm ਮਾਨ ਨੂੰ ਕਿਹੜੀ ਖ਼ਬਰ ਮੁੰਬਈ ਤੋਂ ਮਿਲੀ , ਸੁਖਬੀਰ ਬਾਦਲ ਨੇ ਕਿਹਾ ਵਾਹ ਮੁੱਖ ਮੰਤਰੀ ਸਾਹਿਬ! ਵਾਹ!

What news did Cm Maan get from Mumbai, Sukhbir Badal said wow Chief Minister sir! Wow!

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਸੂਬੇ ਨੇ ਉਦਯੋਗਿਕ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਵੱਲ ਵੱਡੀ ਪੁਲਾਂਘ ਪੁੱਟੀ। ਟਾਟਾ ਸਟੀਲ ਨੇ ਲੁਧਿਆਣਾ ਵਿਖੇ ਪਹਿਲੇ ਪੜਾਅ ਵਿੱਚ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਤ ਆਪਣਾ ਸਟੀਲ ਪਲਾਂਟ ਸਥਾਪਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ।

ਇਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( Sukhbir Singh Badal ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਕਦਮ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਟਾਟਾ ਦਾ ਪਲਾਂਟ ਪੰਜਾਬ ਵਿੱਚ ਕਦੋਂ ਦਾ ਲੱਗ ਰਿਹਾ ਹੈ ਪਰ ਮੁੱਖ ਮੰਤਰੀ ਮਾਨ ਆਪਣੀ ਵਾਹ-ਵਾਹ ਕਰਵਾਉਣ ਲਈ ਇਸ ਖ਼ਬਰ ਨੂੰ ਅੱਜ ਦੱਸ ਰਹੇ ਹਨ। ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਟਾਟਾ ਦਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗ ਰਿਹਾ ਹੈ, ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਖੁਸ਼ਖਬਰੀ “ਮੁੰਬਈ ਵਿੱਚ ਟਾਟਾ ਗਰੁੱਪ ਦੇ ਅਫਸਰਾਂ ਤੋਂ” ਅੱਜ ਮਿਲੀ ਹੈ। ਵਾਹ ਮੁੱਖ ਮੰਤਰੀ ਸਾਹਿਬ! ਵਾਹ! ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਜਿਹੇ ਬੇਤੁਕੇ ਬਿਆਨ ਨਾ ਦੇਣ ਦੀ ਕੋਸ਼ਿਸ਼ ਕਰਨ।

ਦੱਸ ਦਈਏ ਕਿ ਲੰਘੇ ਕੱਲ ਮੁੱਖ ਮੰਤਰੀ ਮਾਨ ਨੇ ਟਾਟਾ ਗਰੁੱਪ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ । ਮੁਲਾਕਾਤ ਤੋਂ ਬਾਅਦ ਮਾਨ ਨੇ ਕਿਹਾ ਕਿ ਟਾਟਾ ਸਟੀਲ ਵੱਲੋਂ ਲੁਧਿਆਣਾ ’ਚ ਪਹਿਲੇ ਪੜਾਅ ਵਿੱਚ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਆਧਾਰਿਤ ਸਟੀਲ ਪਲਾਂਟ ਸਥਾਪਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰਾਜੈਕਟ ਤੋਂ ਬਹੁਤ ਲਾਭ ਮਿਲੇਗਾ, ਜੋ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਨੂੰ ਉਦਯੋਗਿਕ ਵਿਕਾਸ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਵਾਂਗੇ।

ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਲੁਧਿਆਣਾ ਵਿਚ ਸਥਾਪਤ ਕੀਤੇ ਜਾਣ ਵਾਲੇ ਪ੍ਰਾਜੈਕਟ ਦੇ ਪਹਿਲੇ ਪੜਾਅ ’ਚ ਲਗਪਗ 2600 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ ਜੋ ਪੰਜਾਬ ਸਰਕਾਰ ਦੇ ਹਾਈ-ਟੈੱਕ ਵੈਲੀ ਇੰਡਸਟਰੀਅਲ ਪਾਰਕ ਨਾਲ ਲੱਗਦਾ ਹੈ। ਇਹ ਪ੍ਰਾਜੈਕਟ ਸੂਬੇ ’ਚ ਵਿਸ਼ਵ ਪ੍ਰਸਿੱਧ ਕੰਪਨੀ ਵੱਲੋਂ ਕੀਤਾ ਗਿਆ ਪਹਿਲਾ ਨਿਵੇਸ਼ ਹੈ, ਜਿਸ ਨੇ ਜਮਸ਼ੇਦਪੁਰ ਤੋਂ ਬਾਅਦ ਦੇਸ਼ ਵਿੱਚ ਦੂਜਾ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ। ਇਹ ਪ੍ਰਾਜੈਕਟ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।

ਮੁੱਖ ਮੰਤਰੀ ਨੇ ਇਸ ਪਹਿਲਕਦਮੀ ਨੂੰ ‘ਨਵੇਂ ਯੁੱਗ ਦੀ ਸ਼ੁਰੂਆਤ’ ਦੱਸਿਆ ਕਿਉਂਕਿ ਪਹਿਲਾਂ ਇਹ ਸਮਝੌਤਾ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਸੀ ਜਦਕਿ ਸੂਬੇ ਦੀ ਤਰੱਕੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵੱਲ ਹੁਣ ਜ਼ਮੀਨੀ ਪੱਧਰ ਉਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਪਹਿਲਾਂ ਕੰਪਨੀਆਂ ਨੂੰ ਸੂਬੇ ਦੇ ਰਸੂਖਵਾਨ ਪਰਿਵਾਰਾਂ ਨਾਲ ਸਮਝੌਤੇ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪ੍ਰਗਤੀਸ਼ੀਲ ਅਤੇ ਸ਼ਾਂਤਮਈ ਪੰਜਾਬ ਦੀ ਸਿਰਜਣਾ ਲਈ ਸੂਬੇ ਦੇ ਲੋਕਾਂ ਨਾਲ ਇਹ ਸਮਝੌਤੇ ਕੀਤੇ ਜਾ ਰਹੇ ਹਨ।