ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਵੱਲੋਂ ਪੰਜਾਬ ਦੇ ਜਲੰਧਰ ਦੇ ਲਤੀਫਪੁਰਾ ( Latifpura ) ‘ਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਦੇ ਮਾਮਲਾ ਸਮੇਟਣ ਲਈ ਪੀੜਤਾਂ ਲਈ ‘ਸਪੈਸ਼ਲ ਪੈਕੇਜ’ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਹੁਣ ਫ਼ੌਰੀ ਇਸ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ 16 ਜਨਵਰੀ ਨੂੰ ਇਸ ਮੁੱਦੇ ’ਤੇ ਮੀਟਿੰਗ ਕਰਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਲਤੀਫਪੁਰਾ ਮਸਲਾ ਹੱਲ ਕਰਨ ਵਾਸਤੇ ਫ਼ੌਰੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ।
ਸੂਤਰਾਂ ਅਨੁਸਾਰ ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਮੁੱਖ ਮੰਤਰੀ ਪੀੜਤ ਪਰਿਵਾਰਾਂ ਨਾਲ ਗੱਲਬਾਤ ਸਿਰੇ ਲੱਗਣ ਪਿੱਛੋਂ ਉਪਰੋਕਤ ਐਲਾਨ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਸ਼ੁਰੂ ਜਾਰੀ ਹੈ ਅਤੇ ਪੀੜਤਾਂ ਨੂੰ ਪੇਸ਼ਕਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਗ਼ੈਰ-ਰਸਮੀ ਤੌਰ ’ਤੇ ਆਰਥਿਕ ਪੱਖੋਂ ਗ਼ਰੀਬ ਪੀੜਤ ਪਰਿਵਾਰਾਂ ਨੂੰ ਸਪੈਸ਼ਲ ਪੈਕੇਜ ਦੇਣ ਦੀ ਹਾਮੀ ਭਰ ਦਿੱਤੀ ਹੈ। ਇਸ ਵਿਚ ਇੱਕ ਇੱਕ ਫਲੈਟ ਅਤੇ ਦੋ ਦੋ ਲੱਖ ਰੁਪਏ ਦੀ ਰਾਸ਼ੀ ਨੂੰ ਸ਼ਾਮਲ ਕੀਤਾ ਗਿਆ ਹੈ।
ਨਗਰ ਸੁਧਾਰ ਟਰੱਸਟ ਜਲੰਧਰ ਦੀ ਕਰੀਬ 241 ਮਰਲੇ ਜਗ੍ਹਾ ’ਤੇ ਨਜਾਇਜ਼ ਕਬਜ਼ਾ ਸੀ ਅਤੇ ਟਰੱਸਟ ਨੇ ਬੁਲਡੋਜ਼ਰ ਚਲਾ ਕੇ ਦਰਜਨਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਸੀ। ਹੁਣ ਘੋਖ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਗ਼ਰੀਬ ਪਰਿਵਾਰਾਂ ਦੀ ਆੜ ਵਿਚ ਦੋ ਰਸੂਖਵਾਨ ਪਰਿਵਾਰਾਂ ਨੇ ਹੀ 132 ਮਰਲੇ ਜਗ੍ਹਾ ’ਤੇ ਕਬਜ਼ਾ ਕੀਤਾ ਹੋਇਆ ਸੀ। ਮੁੱਖ ਮੰਤਰੀ ਨੇ ਹਦਾਇਤ ਕੀਤੀ ਸੀ ਕਿ ਰਸੂਖਵਾਨਾਂ ਨਾਲ ਸਖ਼ਤੀ ਅਤੇ ਗ਼ਰੀਬ ਪੀੜਤ ਪਰਿਵਾਰਾਂ ਨਾਲ ਨਰਮੀ ਵਰਤੀ ਜਾਵੇ।
ਲਤੀਫਪੁਰਾ ਉਜਾੜੇ ਦੇ ਨਿਆਂ ਲਈ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਸੰਘਰਸ਼ ਕਰਨ ਵਾਲਿਆਂ ਵਿਚ ਜ਼ਿਆਦਾ ਪਰਿਵਾਰ ਬਟਵਾਰੇ ਦੌਰਾਨ ਪਾਕਿਸਤਾਨ ’ਚੋਂ ਉੱਜੜ ਕੇ ਆਏ ਸਨ। ਮੁੱਢਲੇ ਪੜਾਅ ’ਤੇ ਸਰਕਾਰ ਨੇ ਮਸਲੇ ਨਾਲ ਨਜਿੱਠਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ। ਹੁਣ ਇਹ ਮਾਮਲਾ ਕਾਫ਼ੀ ਗਰਮਾ ਗਿਆ ਹੈ ਅਤੇ ਉੱਪਰੋਂ ਜਲੰਧਰ ਦੀ ਜ਼ਿਮਨੀ ਚੋਣ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਸਰਕਾਰ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਇਸ ਮਾਮਲੇ ਨੂੰ ਨਜਿੱਠਣ ਦੇ ਰੌਂਅ ਵਿੱਚ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ ਇੰਪਰੂਵਮੈਂਟ ਟਰੱਸਟ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਲਤੀਫਪੁਰਾ ਵਿੱਚ ਮਕਾਨਾਂ ਨੂੰ ਢਾਹੁਣ ਲਈ ਪੁਲੀਸ ਸੁਰੱਖਿਆ ਹੇਠ ਮਸ਼ੀਨਾਂ ਲੈ ਕੇ ਪੁੱਜੇ ਤਾਂ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲਤੀਫਪੁਰਾ ਵਿੱਚ ਮਸ਼ੀਨਾਂ ਅੱਗੇ ਲੋਕ ਖੜ੍ਹੇ ਹੋ ਗਏ। ਜਦੋਂ ਉਹ ਨਾ ਮੰਨੇ ਤਾਂ ਪੁਲਿਸ ਨੇ ਉਥੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਇਸ ਦੌਰਾਨ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਦੇ ਲੋਕ ਵੀ ਉਥੇ ਪਹੁੰਚ ਗਏ ਤੇ ਮਾਹੌਲ ਤਣਾਅਪੂਰਨ ਹੋ ਗਿਆ ਸੀ।