ਬਿਊਰੋ ਰਿਪੋਰਟ : ਲੁਧਿਆਣਾ ‘ਚ ਕੈਨੇਡਾ ਤੋਂ ਭੈਣ ਦੇ ਵਿਆਹ ਦੇ ਲਈ ਆਏ ਭਰਾ ਨੂੰ ਬਹੁਤ ਚਾਹ ਸੀ ਆਪਣੀ ਭੈਣ ਦੇ ਵਿਆਹ ਦਾ । 4 ਸਾਲ ਬਾਅਦ ਜਦੋਂ ਲੁਧਿਆਣਾ ਦਾ ਬਲਰਾਜ ਕੈਨੇਡਾ ਤੋਂ ਪਰਤਿਆਂ ਦਾ ਉਸ ਨੇ ਪਿਤਾ ਨੂੰ ਕਿਹਾ ਕਿ ਵਿਆਹ ਵਿੱਚ ਉਹ ਕੋਈ ਕਸਰ ਨਹੀਂ ਛੱਡੇਗਾ । ਉਸ ਨੇ ਪਿਤਾ ਨੂੰ ਵਾਅਦਾ ਕੀਤਾ ਸੀ ਕਿ ਭੈਣ ਦੇ ਵਿਆਹ ਤੋਂ ਬਾਅਦ ਉਹ ਪਿਤਾ ਦਾ ਨੂੰਹ ਲਿਆਉਣ ਦਾ ਸੁਪਣਾ ਵੀ ਪੂਰਾ ਕਰਕੇ ਹੀ ਕੈਨੇਡਾ ਪਰਤੇਗਾ । ਘਰ ਵਿੱਚ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ । ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ ਸ਼ਗਨਾਂ ਵਾਲਾ ਘਰ ਮਾਤਮ ਵਿੱਚ ਬਦਲ ਗਿਆ । ਬਲਰਾਜ ਸਿੰਘ ਦੇ ਨਾਲ ਉਸ ਦਾ ਭਰਾ ਮਨਦੀਪ ਵੀ ਚਲ ਵਸਿਆ । ਰਫਤਾਰ ਨੇ ਦੋਵਾਂ ਦੀ ਜ਼ਿੰਦਗੀ ‘ਤੇ ਬ੍ਰੇਕ ਲੱਗਾ ਦਿੱਤੀ।
ਸੜਕ ਦੁਰਘਟਨਾ ਵਿੱਚ ਮਨਦੀਪ ਅਤੇ ਬਲਰਾਤ ਦੀ ਮੌਤ
ਭੈਣ ਦੇ ਵਿਆਹ ‘ਤੇ ਬਲਰਾਜ ਆਇਆ ਸੀ । ਉਸੇ ਦੌਰਾਨ ਹੀ ਉਸ ਨੂੰ ਦੋਸਤ ਦੇ ਵਿਆਹ ਦਾ ਸੱਦਾ ਮਿਲਿਆ ਤਾਂ ਦੋਵੇ ਭਰਾ ਮਨਦੀਪ ਅਤੇ ਬਲਰਾਜ ਮਾਨਸਾ ਵਿਆਹ ‘ਤੇ ਚੱਲੇ ਗਏ । ਵਿਆਹ ਦੀਆਂ ਰੌਣਕਾਂ ਵੇਖਣ ਤੋਂ ਬਾਅਦ ਜਦੋਂ ਉਹ ਸਫਿਟ ਕਾਰ ‘ਤੇ ਵਾਪਸ ਆ ਰਹੇ ਸਨ ਤਾਂ ਘਰ ਪਹੁੰਚਣ ਦੀ ਜਲਦਬਾਜ਼ੀ ਵਿੱਚ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਾਰ ਟਰਾਲੇ ਵਿੱਚ ਜਾਕੇ ਵਜੀ । ਹਾਦਸਾ ਇਨ੍ਹਾਂ ਜ਼ਿਆਦਾ ਭਿਆਨਕ ਸੀ ਕਿ ਗੱਡੀ ਪੂਰੀ ਟਰਾਲੇ ਦੇ ਅੰਦਰ ਵੜ ਗਈ ਅਤੇ ਬਲਰਾਜ ਅਤੇ ਮਨਦੀਪ ਨੂੰ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ,ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਿਹੜਾ ਭਰਾ ਭੈਣ ਦੇ ਵਿਆਹ ਦਾ ਸੁਪਣਾ ਪੂਰਾ ਕਰਨ ਸੱਤ ਸਮੁੰਦਰੋਂ ਪਾਰ ਘਰ ਪਹੁੰਚਿਆ ਸੀ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰੇ ਬਗੈਰ ਹੀ ਰੱਬ ਦੀ ਦਰਗਾਹ ਵਿੱਚ ਪਹੁੰਚ ਗਿਆ । ਬਲਰਾਜ ਦੇ ਪਿਉ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ। ਉਧਰ ਬਲਰਾਜ ਦੇ ਨਾਲ ਉਸ ਦੇ ਮਾਮੇ ਦੇ ਭਰਾ ਮਨਦੀਪ ਦੀ ਵੀ ਮੌਤ ਹੋਈ ਹੈ । ਉਸ ਦੀ ਕਹਾਣੀ ਵੀ ਬਹੁਤ ਦਰਦਨਾਕ ਹੈ ਉਸ ਨੇ ਭਰਾ ਦੀ ਮੌਤ ਤੋਂ ਬਾਅਦ ਭਾਬੀ ਨਾਲ ਵਿਆਹ ਕੀਤਾ ਸੀ। ਪਤਨੀ ਨੂੰ ਆਸਟ੍ਰੇਲੀਆ ਭੇਜਣ ਤੋਂ ਬਾਅਦ ਉਸ ਨੇ ਵੀ ਹੁਣ ਉਸ ਕੋਲ ਜਾਣਾ ਸੀ । ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।
ਮ੍ਰਿਤਕ ਬਲਰਾਜ ਦੇ ਪਿਤਾ ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਪੁੱਤ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਤਾਂ ਇੰਨੀ ਖਾਸ ਗੱਲ ਬਾਤ ਕਰਨ ਦਾ ਸਮਾਂ ਨਹੀਂ ਮਿਲਿਆ ਸੀ । ਬਲਰਾਜ ਹਮੇਸ਼ਾ ਇਹ ਜ਼ਰੂਰ ਕਹਿੰਦਾ ਸੀ ਬਾਪੂ ਭੈਣ ਦਾ ਵਿਆਹ ਜ਼ੋਰਾ-ਸ਼ੋਰਾ ਨਾਲ ਕਰਾਂਗੇ । ਪਰ ਪੁੱਤ ਵਾਅਦਾ ਤੋੜ ਕੇ ਚੱਲਾ ਗਿਆ । ਪਿਤਾ ਨੇ ਦੱਸਿਆ ਬਲਰਾਜ ਨੇ ਵਾਪਸੀ ਦੀ ਟਿਕਟ ਵੀ ਨਹੀਂ ਕਰਵਾਈ ਸੀ । ਉਸ ਨੇ ਕਿਹਾ ਸੀ ਸਾਰੀ ਜ਼ਿੰਮੇਵਾਰੀ ਨਿਭਾ ਕੇ ਹੀ ਵਾਪਸ ਜਾਵਾਂਗਾ । ਬਲਰਾਜ ਪਰਿਵਾਰ ਦੇ ਲੋਕਾਂ ਨੂੰ ਕਹਿੰਦਾ ਸੀ ਭੈਣ ਦੇ ਵਿਆਹ ਤੋਂ ਬਾਅਦ ਬਾਪੂ ਨੂੰ ਨੂੰਹ ਦਾ ਸੁੱਖ ਵੀ ਦੇਵਾਂਗਾ। ਬਲਰਾਜ ਦੀ ਇੱਕ ਸਗੀ ਭੈਣ ਸੀ ਅਤੇ ਇੱਕ ਤਾਏ ਦੀ ਕੁੜੀ । ਦੋਵਾਂ ਭੈਣ ਨਾਲ ਬਲਰਾਜ ਪਿਆਰ ਸੀ । ਉਹ ਪਰਿਵਾਰ ਦਾ ਇਕਲੌਤਾ ਪੁੱਤ ਸੀ । ਬਲਰਾਜ ਦੇ ਨਾਲ ਦੁਰਘਟਨਾ ਵਿੱਚ ਮਰੇ ਮਨਦੀਪ ਦੀ ਵੀ ਦਰਦਨਾਕ ਕਹਾਣੀ ਹੈ ।
ਮਨਦੀਪ ਨੇ ਆਸਟ੍ਰੇਲੀਆ ਜਾਣਾ ਸੀ
ਬਲਰਾਜ ਦੇ ਨਾਲ ਮਾਮੇ ਦੇ ਪੁੱਤ ਮਨਦੀਪ ਵੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ । ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਮੁਤਾਬਿਕ ਮਨਦੀਪ ਉਸ ਸਮੇਂ ਬਹੁਤ ਛੋਟਾ ਸੀ ਜਦੋਂ ਉਸ ਦੀ ਮਾਂ ਦੀ ਮੌਤ ਹੋਈ ਸੀ । ਮਨਦੀਪ ਦੇ ਵੱਡੇ ਭਰਾ ਦੀ ਮੌਤ ਵੀ ਕੁਝ ਸਮੇਂ ਪਹਿਲਾਂ ਹੀ ਹੋਈ ਸੀ । ਭਰਾ ਦਾ ਵਿਆਹ ਹੋਇਆ ਸੀ,ਮੌਤ ਤੋਂ ਬਾਅਦ ਮਨਦੀਪ ਦਾ ਵਿਆਹ ਭਰਜਾਈ ਨਾਲ ਕਰਵਾ ਦਿੱਤਾ ਗਿਆ ਸੀ। ਮਨਦੀਪ ਨੇ ਕਾਫੀ ਮਿਹਨਤ ਤੋਂ ਬਾਅਦ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ । ਹੁਣ ਮਨਦੀਪ ਦਾ ਵੀ ਆਸਟ੍ਰੇਲੀਆ ਦਾ ਵੀਜ਼ਾ ਲੱਗ ਚੁੱਕਾ ਸੀ ਅਤੇ ਉਸ ਨੇ ਵੀ ਥੋੜੇ ਦਿਨਾਂ ਵਿੱਚ ਆਸਟ੍ਰੇਲੀਆਂ ਜਾਣਾ ਸੀ ।