‘ਦ ਖ਼ਾਲਸ ਬਿਊਰੋ : ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ ਹੋਰ ਹਥਿਆਰਾਂ ਦੀ ਸਪਲਾਈ ਕਰਨਗੇ। ਇਸ ਸਪਲਾਈ ਵਿੱਚ ਗੋਲਾ ਬਾਰੂਦ ਤੋਂ ਇਲਾਵਾ ਯੁੱਧ ਵਿੱਚ ਕੰਮ ਆਉਣ ਵਾਲੀਆਂ ਬਖਤਰਬੰਦ ਗੱਡੀਆਂ ਵੀ ਸ਼ਾਮਿਲ ਹੋਣਗੀਆਂ। ਰੂਸ-ਯੂਕਰੇਨ ਯੁੱਧ ਦੇ ਅਗਲੇ ਚਰਣ ਵਿੱਚ ਕੀਵ ਦੇ ਸਮਰਥਨ ਦੇ ਲਈ ਹੋਈ ਇੱਕ ਅਹਿਮ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।
ਇਸ ਸਿਲਸਿਲੇ ਵਿੱਚ ਅਮਰੀਕਾ ਨੇ ਯੂਕਰੇਨ ਦੀ ਮਦਦ ਦੇ ਲਈ 2.5 ਬਿਲੀਅਨ ਡਾਲਰ ਦੀ ਸਪਲਾਈ ਭੇਜਣ ਦਾ ਐਲਾਨ ਕੀਤਾ ਹੈ। ਬ੍ਰਿਟੇਨ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ 600 ਬ੍ਰਿਮਸਟੋਨ ਮਿਜ਼ਾਇਲ ਦੇਵੇਗਾ। ਡੈਨਮਾਰਕ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ ਫਰਾਂਸ ਨਿਰਮਿਤ 19 ਸੀਜ਼ਰ ਹੋਵਿਤਜ਼ਰ ਅਤੇ ਸਵੀਡਨ ਨੇ ਆਰਚਰ ਆਰਟਿਲਰੀ ਸਿਸਟਮ ਦੇਣ ਦਾ ਵਾਅਦਾ ਕੀਤਾ ਹੈ। ਜਰਮਨੀ ਦੇ ਰਾਮਸਟੇਨ ਵਿੱਚ 50 ਦੇਸ਼ਾਂ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਹੋਇਆ ਹੈ।
ਇਸ ਬੈਠਕ ਵਿੱਚ ਨਾਟੋ ਦੇ ਵੀ 30 ਮੈਂਬਰ ਦੇਸ਼ਾਂ ਨੇ ਹਿੱਸਾ ਲਿਆ। ਰਾਮਸਟੇਨ ਵਿੱਚ ਹੋਈ ਬੈਠਕ ਵਿੱਚ ਇਸ ਮੁੱਦੇ ਉੱਤੇ ਚਰਚਾ ਹੋਈ ਕਿ ਰੂਸ ਦੇ ਖਿਲਾਫ਼ ਯੂਕਰੇਨ ਨੂੰ ਹੋਰ ਕਿਵੇਂ ਮਦਦ ਦਿੱਤੀ ਜਾ ਸਕਦੀ ਹੈ। ਜਰਮਨੀ ਵਿੱਚ ਹੋਈ ਗੱਲਬਾਤ ਨੂੰ ਲੈ ਕੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਸੀ ਕਿ ਕੀਵ ਨੂੰ ਮਜ਼ਬੂਤ ਫ਼ੈਸਲਿਆਂ ਅਤੇ ਤਾਕਤਵਰ ਮਿਲਿਟਰੀ ਸੁਪੋਰਟ ਦੀ ਉਮੀਦ ਹੈ।
ਪਰ ਅਮਰੀਕਾ ਅਤੇ ਜਰਮਨੀ ਨੇ ਯੂਕਰੇਨ ਵੱਲੋਂ ਅਤੀ ਆਧੁਨਿਕ ਟੈਂਕ ਦੀ ਮੰਗ ਉੱਤੇ ਕੋਈ ਫੈਸਲਾ ਨਹੀਂ ਲਿਆ ਹੈ। ਇਸਨੂੰ ਲੈ ਕੇ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪੱਛਮੀ ਦੇਸ਼ਾਂ ਨੇ ਯੂਕਰੇਨ ਦੀ ਇਹ ਮਦਦ ਕੀਤੀ ਤਾਂ ਇਸਦੇ ਨਤੀਜੇ ਗੰਭੀਰ ਹੋਣਗੇ।