ਬਿਊਰੋ ਰਿਪੋਰਟ : 5 ਵਾਰ ਪੰਜਾਬ ਦੇ ਖ਼ਜ਼ਾਨਾ ਦਾ ਤੋਲ-ਮੋਲ ਕਰਕੇ ਬਜਟ ਪੇਸ਼ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਨੇ 13 ਸਾਲਾ ਵਿੱਚ ਚੌਥੀ ਵਾਰ ਸਿਆਸੀ ਤੋਲ-ਮੋਲ ਕਰਦੇ ਹੋਏ ਹੁਣ ਬੀਜੇਪੀ ਦਾ ਹੱਥ ਫੜ ਲਿਆ ਹੈ । ਦਿੱਲੀ ਵਿੱਚ ਬੀਜੇਪੀ ਦੇ ਲੜ ਲੱਗਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਲੰਮਾ-ਚੋੜਾ ਅੰਗਰੇਜ਼ੀ ਭਾਸ਼ਾ ਵਿੱਚ ਪੱਤਰ ਰਾਹੁਲ ਗਾਂਧੀ ਭੇਜਿਆ । ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਉਪਲਬਧੀਆਂ ਦੇ ਸੋਹਲੇ ਗਾਏ ਅਤੇ ਕਾਂਗਰਸ ‘ਚ ਆਪਣੀ ਅਣਦੇਖੀ ਦੀ ਕਹਾਣੀ ਸੁਣਾਈ । ਬੀਜੇਪੀ ਵਿੱਚ ਸ਼ਾਮਲ ਹੁੰਦੇ ਹੀ ਮਨਪ੍ਰੀਤ ਸਿੰਘ ਬਾਦਲ ਦੇ ਲਈ ਅਮਿਤ ਸ਼ਾਹ ‘ਸ਼ੇਰ’ ਹੋ ਗਏ । ਉਨ੍ਹਾਂ ਦੱਸਿਆ ਕਿ ਅਮਿਤ ਸ਼ਾਹ ਦੀ ਦੇਸ਼ ਅਤੇ ਪੰਜਾਬ ਪ੍ਰਤੀ ਸੋਚ ਨੂੰ ਵੇਖ ਦੇ ਹੋਏ ਵੀ ਉਨ੍ਹਾਂ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਵਿੱਚ ਸ਼ਾਮਲ ਹੁੰਦੇ ਹੀ ਢੇਰ ਹੋ ਗਏ । ਮਨਪ੍ਰੀਤ ਬਾਦਲ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਵੇਲੇ ਪੰਜਾਬ ਬੀਜੇਪੀ ਦਾ ਇੱਕ ਵੀ ਦਿੱਗਜ ਆਗੂ ਉਨ੍ਹਾਂ ਦੇ ਨਾਲ ਖੜਾ ਨਜ਼ਰ ਨਹੀਂ ਆਇਆ । ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਇੱਥੋਂ ਤੱਕ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਨਜ਼ਰ ਨਹੀਂ ਆਏ । ਇਸ ਦੇ ਪਿੱਛੇ ਕੀ ਵਜ੍ਹਾ ਹੈ ? ਕੀ ਮਨਪ੍ਰੀਤ ਨੂੰ ਲੈਕੇ ਜਿੰਨੀ ਨਰਾਜ਼ਗੀ ਕਾਂਗਰਸ ਵਿੱਚ ਸੀ ਉਨ੍ਹੀ ਹੀ ਨਰਾਜ਼ਗੀ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਏ ਆਗੂਆਂ ਵਿੱਚ ਵੀ ਹੈ ? ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਮਨਪ੍ਰੀਤ ਬਾਦਲ ਨੂੰ ਪਾਵਰ ਦਾ ਭੁੱਖਾ ਦੱਸਿਆ ਤਾਂ ਅਕਾਲੀ ਦਲ ਨੇ ਬੀਜੇਪੀ ਨੂੰ ਵੱਡੀ ਸਲਾਹ ਦੇ ਦਿੱਤੀ । ਇਸੇ ਦੌਰਾਨ ਇੱਕ ਵੱਡਾ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਣ ਵਾਲਾ ਅਗਲਾ ਕਾਂਗਰਸੀ ਕੌਣ ਹੋ ਸਕਦਾ ਹੈ ? ਮਨਪ੍ਰੀਤ ਬਾਦਲ ਦੀ ਇੱਕ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਨਾਲ ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਸਿਆਸੀ ਪਾਲਾ ਬਦਲਨ ਦੀ ਚਰਚਾਵਾਂ ਨੇ ਇਸ ਸਿਆਸੀ ਖਦਸ਼ੇ ਨੂੰ ਜ਼ਰੂਰ ਹਵਾ ਦੇ ਦਿੱਤੀ ਹੈ । ਕਿਉਂਕਿ ਮਨਪ੍ਰੀਤ ਅਤੇ ਸਿੱਧੂ ਦਾ ਕਾਂਗਰਸ ਵਿੱਚ ਇੱਕ ਹੀ ਸਿਆਸੀ ਦੁਸ਼ਮਣ ਹੈ ਉਹ ਹੈ ਰਾਜਾ ਵੜਿੰਗ ?
ਮਨਪ੍ਰੀਤ ਸਿੰਘ ਬਾਦਲ ਦਾ ਬੀਜੇਪੀ ਵਿੱਚ ਕੀ ਰੋਲ ?
ਬੀਜੇਪੀ ਨੂੰ ਮਨਪ੍ਰੀਤ ਬਾਦਲ ਦੇ ਰੂਪ ਵਿੱਚ ਇੱਕ ਹੋਰ ਸਿੱਖ ਚਿਹਰਾ ਪੰਜਾਬ ਵਿੱਚ ਮਿਲ ਗਿਆ ਹੈ । ਪਰ ਮਨਪ੍ਰੀਤ ਬਾਦਲ ਬੀਜੇਪੀ ਨੂੰ ਫਾਇਦਾ ਪਹੁੰਚਾਉਣਗੇ ਜਾਂ ਫਿਰ ਨੁਕਸਾਨ ਇਹ ਵੱਡਾ ਸਵਾਲ ਹੈ ? ਮਨਪ੍ਰੀਤ ਬਾਦਲ 1995 ਵਿੱਚ ਜਦੋਂ ਸਿਆਸਤ ਵਿੱਚ ਆਏ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣਾ ਹਲਕਾ ਗਿੱਦੜਬਾਹਾ ਖਾਲੀ ਕਰਕੇ ਦਿੱਤਾ ਸੀ । ਇੱਥੋਂ ਮਨਪ੍ਰੀਤ ਬਾਦਲ ਲਗਾਤਾਰ 4 ਵਾਰ ਜਿੱਤੇ। 2009 ਵਿੱਚ ਜਦੋਂ ਬਾਗ਼ੀ ਹੋਏ ਤਾਂ ਆਪਣੀ ਨਵੀਂ ਪਾਰਟੀ PPP ਬਣਾਈ ਅਤੇ ਜਿਸ ਹਲਕੇ ਤੋਂ ਉਹ 4 ਵਾਰ ਜਿੱਤੇ ਉਸੇ ਤੋਂ ਬੁਰੀ ਤਰ੍ਹਾਂ ਹਾਰੇ, 5 ਸਾਲ ਤੱਕ ਸਿਆਸੀ ਜ਼ਮੀਨ ਤਲਾਸ਼ਨ ਤੋਂ ਬਾਅਦ ਉਹ 2016 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ । ਬਠਿੰਡਾ ਤੋਂ ਚੋਣ ਲੜੀ ਅਤੇ ਕੈਪਟਨ ਸਰਕਾਰ ਵਿੱਚ ਖ਼ਜ਼ਾਨਾ ਮੰਤਰੀ ਬਣੇ । ਦੱਸਿਆ ਜਾਂਦਾ ਹੈ ਕਿ ਜਦੋਂ ਕੈਪਟਨ ਨੂੰ ਕਾਂਗਰਸ ਨੇ ਹਟਾਇਆ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਮਨਪ੍ਰੀਤ ਬਾਦਲ ਨੇ ਹੀ ਰਾਹੁਲ ਗਾਂਧੀ ਨੂੰ ਦਲਿਤ ਫੈਕਟਰ ਦਾ ਸਿਆਸੀ ਗਣਿਤ ਸਮਝਾਇਆ ਸੀ । ਇਸ ਦੀ ਵਜ੍ਹਾ ਕਰਕੇ ਸੁਨੀਲ ਜਾਖੜ ਮੁੱਖ ਮੰਤਰੀ ਬਣ ਦੇ ਬਣ ਦੇ ਰਹਿ ਗਏ । ਦੋਵੇ ਆਗੂ ਮਾਲਵਾ ਤੋਂ ਆਉਂਦੇ ਹਨ ਇਸ ਲਈ ਸੁਨੀਲ ਜਾਖੜ ਦੀ ਗੈਰ ਮੌਜੂਦਗੀ ਨੂੰ ਇਸ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਕਾਂਗਰਸ ਦੀ ਹਾਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਤੋਂ ਲੈਕੇ ਬੀਜੇਪੀ ਵਿੱਚ ਸ਼ਾਮਲ ਤਕਰੀਬਨ ਹਰ ਆਗੂ ਨੇ ਮਨਪ੍ਰੀਤ ਬਾਦਲ ਨੂੰ ਹਾਰ ਦਾ ਜ਼ਿੰਮੇਵਾਰ ਦੱਸਿਆ । ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇੱਥੋ ਤੱਕ ਕਿਹ ਦਿੱਤਾ ਸੀ ਕਿ ‘ਮੇਰੀ ਵਾਰ ਕਹਿੰਦਾ ਸੀ ਖਜ਼ਾਨਾ ਖਾਲੀ ਹੈ ਅਤੇ ਚੰਨੀ ਵੇਲੇ ਧੜਾ-ਧੜ ਪੈਸੇ ਦੇਈ ਜਾਂਦਾ ਹੈ’। ਇਸ ਤੋਂ ਇਲਾਵਾ ਬੀਜੇਪੀ ਵਿੱਚ ਸ਼ਾਮਲ ਹੋਏ ਬਲਬੀਰ ਸਿੰਘ ਸਿੱਧੂ,ਸੁੰਦਰ ਸ਼ਾਮ ਅਰੋੜਾ ਅਤੇ ਹੋਰ ਆਗੂਆਂ ਨੇ ਵੀ ਖੁੱਲ ਕੇ ਦੱਸਿਆ ਸੀ ਮਨਪ੍ਰੀਤ ਬਾਦਲ ਵੱਲੋਂ ਲੋਕਾਂ ਦੇ ਕੰਮਾਂ ਦੇ ਲਈ ਗਰਾਂਟ ਨਹੀਂ ਦਿੱਤੀ ਜਾਂਦੀ ਸੀ ਜਿਸ ਦੀ ਵਜ੍ਹਾ ਕਰਕੇ ਕਾਂਗਰਸ ਹਾਰੀ । ਅਜਿਹੇ ਵਿੱਚ ਮਨਪ੍ਰੀਤ ਬਾਦਲ ਨੂੰ ਬੀਜੇਪੀ ਕਿਸ ਰੋਲ ਵਿੱਚ ਫਿਟ ਕਰੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ । ਕੀ ਮਨਪ੍ਰੀਤ ਨੂੰ ਕੇਂਦਰ ਵਿੱਚ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਾਂ ਫਿਰ ਸੂਬੇ ਵਿੱਚ ਰੋਲ ਦਿੱਤਾ ਜਾਵੇਗਾ ਇਹ ਤੈਅ ਕਰਨਾ ਬੀਜੇਪੀ ਲਈ ਅਸਾਨ ਨਹੀਂ ਹੈ । ਹੁਣ ਗੱਲ ਨਵਜੋਤ ਸਿੰਘ ਸਿੱਧੂ ਦੀ ਕਿ ਬੀਜੇਪੀ ਵਿੱਚ ਉਹ ਮੁੜ ਤੋਂ ਸ਼ਾਮਲ ਹੋ ਸਕਦੇ ਹਨ। ਇਸ ਨੂੰ ਲੈਕੇ ਵੀ 2 ਰਾਇ ਹਨ ।
ਕੀ ਅਗਲਾ ਨੰਬਰ ਨਵਜੋਤ ਸਿੰਘ ਸਿੱਧੂ ਦਾ ?
ਕੀ ਮਨਪ੍ਰੀਤ ਸਿੰਘ ਬਾਦਲ ਤੋਂ ਬਾਅਦ ਅਗਲਾ ਨੰਬਰ ਨਵਜੋਤ ਸਿੰਘ ਸਿੱਧੂ ਦਾ ਬੀਜੇਪੀ ਵਿੱਚ ਜਾਣ ਦਾ ਹੋ ਸਕਦਾ ਹੈ। ਸਿਆਸੀ ਵਿੱਚ ਕੁਝ ਵੀ ਹੋ ਸਕਦਾ ਹੈ। ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਿੱਧੂ ਦੇ ਲਈ 2 ਰਸਤੇ ਹਨ । ਪਹਿਲਾਂ ਕਾਂਗਰਸ ਵਿੱਚ ਬਣੇ ਰਹਿਣ ਜਾਂ ਫਿਰ ਦੂਜੀ ਪਾਰਟੀ ਵਿੱਚ ਆਪਣਾ ਸਿਆਸੀ ਭਵਿੱਖ ਤਲਾਸ਼ਨਾ। ਮਨਪ੍ਰੀਤ ਬਾਦਲ ਵਾਂਗ ਉਹ ਵੀ ਰਾਜਾ ਵੜਿੰਗ ਨੂੰ ਸੂਬੇ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਤਪੇ ਹੋਏ ਸਨ । ਜੇਲ੍ਹ ਜਾਣ ਤੋਂ ਪਹਿਲਾਂ ਹੀ ਸਿੱਧੂ ਨੇ ਖੁੱਲ ਕੇ ਰਾਜਾ ਵੜਿੰਗ ਦੀ ਮੁਖਾਲਫਤ ਕੀਤੀ ਸੀ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿੱਧੂ ਸ਼ਾਂਤ ਨਹੀਂ ਬੈਠਣ ਵਾਲੇ ਹਨ। ਮੌਜੂਦਾ ਕਾਂਗਰਸ ਵਿੱਚ ਸਿੱਧੂ ਦਾ ਵਿਰੋਧੀ ਕੈਂਪ ਜ਼ਿਆਦਾ ਮਜ਼ਬੂਤ ਹੈ । ਰਾਜਾ ਵੜਿੰਗ ਦੇ ਨਾਲ ਸੁਖਜਿੰਦਰ ਰੰਧਾਵਾ,ਤ੍ਰਿਪਤ ਰਜਿੰਦਰ ਬਾਜਵਾ,ਪ੍ਰਤਾਪ ਸਿੰਘ ਬਾਜਵਾ ਵਰਗੇ ਅਜਿਹੇ ਦਿੱਗਜ ਆਗੂ ਹਨ ਜੋ ਕਦੇ ਵੀ ਸਿੱਧੂ ਨੂੰ ਕਾਂਗਰਸ ਵਿੱਚ ਐਕਟਿਵ ਨਹੀਂ ਹੋਣ ਦੇਣਗੇ। ਸਿੱਧੂ ਦੇ ਬਦਲੇ ਕਾਂਗਰਸ ਆਪਣੇ ਦਿੱਗਜ ਆਗੂਆਂ ਨੂੰ ਨਰਾਜ਼ ਨਹੀਂ ਕਰਨਾ ਚਾਵੇਗੀ । ਅਜਿਹੇ ਵਿੱਚ ਸਿੱਧੂ ਦੇ ਲਈ ਬੀਜੇਪੀ ਇੱਕ ਬਦਲ ਹੋ ਸਕਦਾ ਹੈ । ਬੀਜੇਪੀ ਵਿੱਚ ਸ਼ਾਮਲ ਹੋਣ ਤੋਂ 1 ਮਹੀਨੇ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਸਿੱਧੂ ਨਾਲ ਜੇਲ੍ਹ ਵਿੱਚ ਮੁਲਾਕਾਤ ਹੋਈ ਸੀ । ਜੇਕਰ ਸਿੱਧੂ ਵੱਲੋਂ ਮਨਪ੍ਰੀਤ ਬਾਦਲ ਨੂੰ ਕਾਂਗਰਸ ਵਿੱਚ ਰਹਿਣ ਵੱਲ ਕੋਈ ਇਸ਼ਾਰਾ ਮਿਲਿਆ ਹੁੰਦਾ ਤਾਂ ਹੋ ਸਕਦਾ ਸੀ ਕਿ ਮਨਪ੍ਰੀਤ ਬਾਦਲ ਸਿੱਧੂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦੇ । ਕੀ ਸਿੱਧੂ ਦੇ ਕਹਿਣ ‘ਤੇ ਮਨਪ੍ਰੀਤ ਬਾਦਲ ਨੇ ਬੀਜੇਪੀ ਜੁਆਇਨ ਕੀਤੀ ਹੈ ? ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ । ਬੀਜੇਪੀ ਨੂੰ ਵੀ ਸਿੱਧੂ ਦੀ ਤਾਕਤ ਦਾ ਅਹਿਸਾਸ ਹੈ । ਭਾਵੇਂ ਕਾਂਗਰਸ ਦੇ ਕਈ ਸਾਬਕਾ ਕੈਬਨਿਟ ਮੰਤਰੀ ਬੀਜੇਪੀ ਵਿੱਚ ਸ਼ਾਮਲ ਹੋਏ ਹਨ । ਲੋਕਾਂ ਵਿੱਚ ਆਪਣੀ ਗੱਲ ਪਹੁੰਚਾਉਣ ਵਾਲੇ ਆਗੂ ਦੀ ਬੀਜੇਪੀ ਨੂੰ ਹੁਣ ਵੀ ਤਲਾਸ਼ ਹੈ । ਜਿੱਥੇ ਤੱਕ ਗੱਲ ਰਹੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਆਗੂਆਂ ਦੀ। ਕੈਪਟਨ ਦਾ ਪੰਜਾਬ ਦੀ ਸਿਆਸਤ ਵਿੱਚ ਜ਼ਿਆਦਾ ਰੋਲ ਨਹੀਂ ਰਿਹਾ ਹੈ। ਸਿਆਸਤ ਵਿੱਚ ਪਰਸੈਪਸ਼ਨ ਵੀ ਜ਼ਰੂਰੀ ਹੁੰਦਾ ਹੈ । ਇਸੇ ਲਈ ਬੀਜੇਪੀ ਨੇ ਕੈਪਟਨ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ । ਭਵਿੱਖ ਦੀ ਸਿਆਸੀ ਰੋਲ ਦੇ ਲਈ ਬੀਜੇਪੀ ਸਿੱਧੂ ‘ਤੇ ਦਾਅ ਲਾ ਸਕਦੀ ਹੈ । ਸਿੱਧੂ ਨੇ ਜਿਸ ਵਜ੍ਹਾ ਨਾਲ ਬੀਜੇਪੀ ਛੱਡੀ ਸੀ ਉਹ ਵੀ ਵਜ੍ਹਾ ਹੁਣ ਖਤਮ ਹੋ ਗਈ ਹੈ।ਬੀਜੇਪੀ ਦਾ ਅਕਾਲੀ ਦਲ ਨਾਲ ਗਠਜੋੜ ਟੁੱਟ ਚੁੱਕਿਆ ਹੈ । ਅਜਿਹੇ ਵਿੱਚ ਸਿੱਧੂ ਦੇ ਜੇਲ੍ਹ ਤੋਂ ਛੁੱਡਣ ‘ਤੇ ਸਭ ਦੀਆਂ ਨਜ਼ਰਾ ਟਿਕਿਆਂ ਹੋਇਆ ਹਨ । ਉਧਰ ਮਨਪ੍ਰੀਤ ਬਾਦਲ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਜਾ ਵੜਿੰਗ ਅਤੇ ਅਕਾਲੀ ਦਲ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ ।
ਰਾਜਾ ਵੜਿੰਗਾ ਦਾ ਮਨਪ੍ਰੀਤ ‘ਤੇ ਬਿਆਨ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵਰਿੰਗ ਨੇ ਮਨਪ੍ਰੀਤ ‘ਤੇ ਟਵੀਟ ਕਰਦੇ ਹੋਏ ਲਿਖਿਆ ‘ਮਨਪ੍ਰੀਤ ਬਾਦਲ ਸ਼ੁਰੂ ਤੋਂ ਸਿਆਸੀ ਤਾਕਤ ਦਾ ਭੁੱਖਾ ਹੈ,ਜਦੋਂ ਪਤਾ ਸੀ ਪਾਰਟੀ ਜਿੱਤ ਰਹੀ ਹੈ ਤਾਂ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹੁਣ 5 ਸਾਲ ਬਿਨਾਂ ਪਾਵਰ ਤੋਂ ਕੱਟਣੇ ਉਸ ਦੇ ਲਈ ਔਖੇ ਸਨ,ਮਨਪ੍ਰੀਤ ਬਾਦਲ ਸ਼ਹਾਦਤ ਦਾ ਰੌਣਾ ਰੋਣ ਦੀ ਥਾਂ ਕਾਂਗਰਸ ਤੋਂ ਮੁਆਫੀ ਮੰਗੇ’ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੇ ਵਿਚਾਲੇ ਮਤਭੇਦ 2019 ਦੀਆਂ ਲੋਕਸਭਾ ਚੋਣਾਂ ਦੌਰਾਨ ਹੀ ਸ਼ੁਰੂ ਹੋ ਗਏ ਸਨ ਜਦੋਂ ਵੜਿੰਗ ਨੇ ਖੁੱਲ ਕੇ ਕਿਹਾ ਸੀ ਮਨਪ੍ਰੀਤ ਬਾਦਲ ਦੀ ਵਜ੍ਹਾ ਕਰਕੇ ਉਹ ਬਠਿੰਡਾ ਲੋਕਸਭਾ ਚੋਣ ਹਾਰੇ ਹਨ । ਇਸ ਤੋਂ ਬਾਅਦ ਜਦੋਂ ਉਹ 2022 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਬਠਿੰਡਾ ਵਿੱਚ ਮਨਪ੍ਰੀਤ ਬਾਦਲ ਦੀ ਸਿਆਸੀ ਜ਼ਮੀਨ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤੀ । ਬਠਿੰਡਾ ਵਿੱਚ ਮਨਪ੍ਰੀਤ ਦੇ ਸਾਰੇ ਖਾਸਮ ਖਾਸ ਲੋਕਾਂ ਨੂੰ ਸਾਇਡ ਲਾਈਨ ਕਰ ਦਿੱਤਾ ਗਿਆ ।
ਅਕਾਲੀ ਦਲ ਦਾ ਬੀਜੇਪੀ ‘ਤੇ ਤੰਜ
ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਬੀਜੇਪੀ ‘ਤੇ ਤੰਜ ਕੱਸ ਦੇ ਹੋਏ ਕਿਹਾ ‘ਜਿਸ ਤਰ੍ਹਾਂ ਨਾਲ ਕਾਂਗਰਸ ਦੇ ਆਗੂ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ ਘੱਟੋ ਘੱਟ ਪਾਰਟੀ 3 ਲੋਕਸਭਾ ਅਤੇ 23 ਵਿਧਾਨਸਭਾ ਸੀਟਾਂ ਆਪਣੇ ਟਕਸਾਲੀ ਬੀਜੇਪੀ ਆਗੂਆਂ ਲਈ ਛੱਡ ਦੇਵੇ ਜਿੰਨਾਂ ਨੇ ਦਹਾਕਿਆਂ ਤੱਕ ਬੀਜੇਪੀ ਦੇ ਲਈ ਮਿਹਨਤ ਕੀਤੀ ਹੈ ‘।