Punjab

ਮੈਡੀਕਲ ਸਟੋਰ ‘ਚ ਸ਼ੀਸ਼ੇ ਤੋੜ ਅੰਦਰ ਵੜ੍ਹਿਆ ਟਰੈਕਟਰ , ਡਰਾਇਵਰ ਨੂੰ ਨੀਂਦ ਆਉਣ ਕਾਰਨ ਹੋਇਆ ਇਹ ਕੰਮ

A tractor rammed into a medical store in Ludhiana the accident happened due to the driver falling asleep

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਟਰੈਕਟਰ ਮੈਡੀਕਲ ਸਟੋਰ ਦਾ ਸ਼ਟਰ ਤੇ ਸ਼ੀਸ਼ਾ ਤੋੜ ਕੇ ਅੰਦਰ ਵੜ੍ਹ ਗਿਆ। ਜਿਸ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ। ਟਰੈਕਟਰ ਅੰਦਰ ਵੜਨ ਦੀ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ । ਇਹ ਘਟਨਾ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਦੇ ਸਾਹਮਣੇ ਸਥਿਤ ਮੈਡੀਕਲ ਸਟੋਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ ।

ਜਿਸ ਕਾਰਨ ਉਹ ਟਰੈਕਟਰ ਨੂੰ ਕਾਬੂ ਨਹੀਂ ਕਰ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ । ਹਾਦਸੇ ਵਿੱਚ ਟਰੈਕਟਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ । ਜਿਸਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਫੋਰਟਿਸ ਹਸਪਤਾਲ ਦੇ ਨੇੜੇ ਹੋਣ ਕਾਰਨ ਰਾਤ ਦੇ ਸਮੇਂ ਵੀ ਮੈਡੀਕਲ ਸਟੋਰ ਵਿੱਚ ਕਰਮਚਾਰੀ ਨਾਈਟ ਸ਼ਿਫਟ ਵਿੱਚ ਵੀ ਕੰਮ ਕਰਦੇ ਹਨ, ਪਰ ਬੀਤੀ ਰਾਤ ਮੈਡੀਕਲ ਸਟੋਰ ਵਿੱਚ ਕੋਈ ਵੀ ਕਰਮਚਾਰੀ ਹਾਜ਼ਰ ਨਹੀਂ ਸੀ । ਜਿਸ ਕਾਰਨ ਵੱਡਾ ਹਾਦਸਾ ਟਲ ਗਿਆ । ਸਵੇਰੇ ਲੋਕਾਂ ਨੇ ਟਰੈਕਟਰ ਦੇ ਮਾਲਕ ਨੂੰ ਸਮਰਾਲਾ ਤੋਂ ਬੁਲਾਇਆ । ਜਿਨ੍ਹਾਂ ਨੇ ਮੌਕੇ ‘ਤੇ ਆ ਕੇ ਟਰੈਕਟਰ ਨੂੰ ਦੁਕਾਨ ਤੋਂ ਬਾਹਰ ਕੱਢਿਆ ।

ਦੁਕਾਨਦਾਰ ਅਮਨ ਸ਼ਰਮਾ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੌਕੇ ‘ਤੇ ਲੱਗੇ CCTV ਕੈਮਰੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਦੁਕਾਨਦਾਰ ਅਮਨ ਨੇ ਦੱਸਿਆ ਕਿ ਟਰੈਕਟਰ ਓਵਰਲੋਡ ਸੀ ਅਤੇ ਚਾਰੇ ਨਾਲ ਭਰਿਆ ਹੋਇਆ ਸੀ । ਡਰਾਈਵਰ ਸਮਰਾਲਾ ਤੋਂ ਚਾਰਾ ਲੈ ਕੇ ਲੁਧਿਆਣਾ ਮੰਡੀ ਜਾ ਰਿਹਾ ਸੀ।ਇਸ ਹਾਦਸੇ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।