‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਵੱਖ ਵੱਖ ਥਾਵਾਂ ‘ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਇੱਕ ਖ਼ਾਸ ਅਪੀਲ ਕੀਤੀ ਹੈ। ਜਥੇਬੰਦੀ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ 26 ਜਨਵਰੀ ਨੂੰ ਕਾਲਾ ਗਣਤੰਤਰ ਦਿਵਸ ਵਜੋਂ ਮਨਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਆਗੂਆਂ ਨੇ ਮੁਹਾਲੀ, ਲਤੀਫਪੁਰਾ, ਜ਼ੀਰਾ ਅਤੇ ਬਹਿਬਲ ਵਿਖੇ ਚੱਲ ਰਹੇ ਪੱਕੇ ਮੋਰਚਿਆਂ ਦੇ ਪ੍ਰਬੰਧਕਾਂ ਅਤੇ ਅੰਦੋਲਨਕਾਰੀ ਕਿਸਾਨਾਂ ਨੂੰ 26 ਜਨਵਰੀ ਨੂੰ ਕਾਲਾ ਗਣਤੰਤਰ ਦੇ ਰੂਪ ਵਿਚ ਮਨਾਉਣ ਦਾ ਹੋਕਾ ਦਿੱਤਾ।
ਮੁਹਾਲੀ-ਚੰਡੀਗੜ੍ਹ ਵਿਖੇ ਲੱਗਾ ਪੱਕਾ ਮੋਰਚਾ
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ, ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, 328 ਪਾਵਨ ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਪੱਕਾ ਮੋਰਚਾ ਲਾਇਆ ਹੋਇਆ ਹੈ। ਠੰਢ ਦੇ ਬਾਵਜੂਦ ਮੋਰਚੇ ਵਿੱਚ ਡਟੇ ਸਿੱਖਾਂ ਦੇ ਹੌਂਸਲੇ ਬੁਲੰਦ ਹਨ। ਅੱਜ ਧਰਨੇ ਵਿੱਚ ਸਮਾਜ ਸੇਵੀ ਸੰਸਥਾਵਾਂ, ਪੰਥ ਦਰਦੀ, ਇਨਸਾਫ਼ ਪਸੰਦ ਲੋਕ, ਕਿਸਾਨ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ।
ਜ਼ੀਰਾ ਮੋਰਚਾ
ਫਿਰੋਜ਼ਪੁਰ ਜਿਲ੍ਹੇ ਵਿੱਚ ਪੈਂਦੇ ਜ਼ੀਰਾ ਇਲਾਕੇ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਿਸਾਨਾਂ ਅਤੇ ਉੱਥੋਂ ਦੇ ਸਥਾਨਕ ਲੋਕਾਂ ਨੇ ਧਰਨਾ ਲਾਇਆ ਹੋਇਆ ਹੈ। ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਸ਼ਰਾਬ ਦੀ ਫੈਕਟਰੀ ਨਾਲ ਇਲਾਕੇ ਦਾ ਪਾਣੀ ਗੰਦਾ ਤੇ ਜ਼ਹਿਰੀਲਾ ਹੋ ਚੁੱਕਾ ਹੈ ਤੇ ਕਈ ਭਿਆਨਕ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਸ ਫੈਕਟਰੀ ਦੇ ਪਾਣੀ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ, ਜਿਸ ਕਰਕੇ ਕੈਂਸਰ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਹਨ।
ਧਰਨਾਕਾਰੀਆਂ ਦਾ ਕਹਿਣਾ ਹੈ ਕਿ ਫੈਕਟਰੀਆਂ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਹੁਣ ਤੱਕ ਰਟੌਲ ਰੋਹੀ ਅਤੇ ਮਨਸੂਰਵਾਲ ਕਲਾਂ ਵਿੱਚ ਦੂਸ਼ਿਤ ਪਾਣੀ ਕਾਰਨ ਕੈਂਸਰ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਟਿਊਬਵੈੱਲਾਂ ਵਿੱਚ ਦੂਸ਼ਿਤ ਪਾਣੀ ਆ ਰਿਹਾ ਹੈ । ਐਕਸਪੋਰਟ ਇੰਡੀਆ ‘ਤੇ ਪਾਈ ਗਈ ਜਾਣਕਾਰੀ ਮੁਤਾਬਿਕ ਕੰਪਨੀ ਸਿਲਵਰ ਪੋਟਾਸ਼ੀਅਮ ਸਾਇਨਾਈਡ, ਸੋਡੀਅਮ ਸਲਫਾਈਟ,ਮੋਨੋਈਥਾਨੋਲਮਾਈਨ ਆਦਿ ‘ਤੇ ਵੀ ਕੰਮ ਕਰਦੀ ਹੈ।
ਸਥਾਨਕ ਲੋਕਾਂ ਮੁਤਾਬਕ ਫੈਕਟਰੀ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿੱਚ ਕੈਂਸਰ, ਕਾਲਾ ਪੀਲੀਆ, ਦਿਲ ਦੇ ਰੋਗ ਅਤੇ ਚਮੜੀ ਰੋਗਾਂ ਦੀ ਤਾਦਾਦ ਆਮ ਨਾਲੋਂ ਕਿਤੇ ਵੱਧ ਹੈ। ਮਾਰਚ ਮਹੀਨੇ ਇਸੇ ਫੈਕਟਰੀ ਦੀ ਸੁਆਹ ਪਿੰਡਾਂ ਦੇ ਲੋਕਾਂ ਦੇ ਪੱਠਿਆਂ (ਹਰਾ ਚਾਰਾ) ਉੱਤੇ ਪੈਣ ਕਰਕੇ ਪੱਠੇ ਜ਼ਹਿਰੀਲੇ ਹੋ ਗਏ ਹਨ, ਜਿਸ ਕਰਕੇ 24-25 ਘਰਾਂ ਦੇ ਤਕਰੀਬਨ 90 ਪਸ਼ੂਆਂ ਦੀ ਮੌਤ ਹੋਈ ਸੀ।
ਬੇਅਦਬੀ ਇਨਸਾਫ਼ ਮੋਰਚਾ
12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਖਿਲਾਰੇ ਗਏ ਸੀ, ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ। ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲੀਸ ਨੇ 14 ਅਕਤੂਬਰ ਨੂੰ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ। ਇਸ ਵਿੱਚ ਦੋ ਵਿਅਕਤੀ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਮਾਰੇ ਗਏ ਸਨ। ਇਸ ਸਬੰਧੀ ਪੰਜਾਬ ਪੁਲੀਸ ਦੀਆਂ ਦੋ ਐਸਆਈਟੀ, ਦੋ ਕਮਿਸ਼ਨ ਅਤੇ ਸੀਬੀਆਈ ਨੇ ਜਾਂਚ ਕੀਤੀ। ਇਸ ਗੋਲੀਕਾਂਡ ਦੌਰਾਨ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਤੇ ਸੂਬੇ ਦੇ ਗ੍ਰਹਿ ਮੰਤਰੀ ਸਨ।