ਮਾਨਸਾ : ਸਿੱਧੂ ਮੂਸੇ ਵਾਲੇ ਦੇ ਚਾਹੁਣ ਵਾਲਿਆਂ ਲਈ ਇੱਕ ਵੱਡੀ ਖ਼ਬਰ ਹੈ । ਇਸ ਸਾਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਹੋਲੋਗ੍ਰਾਮ ਤਕਨੀਕ ਦੇ ਜ਼ਰੀਏ ਲਾਈਵ ਪ੍ਰੋਗਰਾਮ ਵਿੱਚ ਉਸ ਦੇ ਗਾਣੇ ਸੁਣਨ ਨੂੰ ਮਿਲਣਗੇ। ਇਹ ਜਾਣਕਾਰੀ ਖੁੱਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦਿੱਤੀ ਹੈ।
ਉਹਨਾਂ ਦੱਸਿਆ ਹੈ ਕਿ ਇਸ ਸੰਬੰਧ ਵਿੱਚ ਸਮਝੌਤਾ ਹੋ ਚੁੱਕਾ ਹੈ ਤੇ ਹੋ ਸਕਦਾ ਹੈ ਕਿ 11 ਜੂਨ ਨੂੰ ਸਿੱਧੂ ਦੇ ਜਨਮ ਦਿਨ ਤੱਕ ਸਾਰੀਆਂ ਤਿਆਰੀਆਂ ਹੋ ਜਾਣ ਤੇ ਇਸ ਤੋਂ ਬਾਅਦ ਸ਼ਾਇਦ ਇਹ ਸ਼ੋਅ ਸ਼ੁਰੂ ਕਰ ਦਿੱਤੇ ਜਾਣ। ਹਾਲਾਂਕਿ ਹਾਲੇ ਇਹ ਤੈਅ ਕਰਨਾ ਬਾਕੀ ਹੈ ਕਿ ਇਹ ਸ਼ੋਅ ਕਿਥੇ ਹੋਣਗੇ ਤੇ ਕਦੋਂ ਹੋਣਗੇ ? ਇਹ ਸਭ ਪ੍ਰੋਮੋਟਰਾਂ ਤੇ ਨਿਰਭਰ ਕਰਦਾ ਹੈ।
ਹੋਲੋਗ੍ਰਾਮ ਇੱਕ ਤਕਨੀਕ ਹੁੰਦੀ ਹੈ ,ਜਿਸ ਦੇ ਜ਼ਰੀਏ ਹੋਲੋਗ੍ਰਾਫਿਕ ਪ੍ਰੋਜੈਕਟਰ ਰਿਫ੍ਰੈਕਸ਼ਨ ਦੁਆਰਾ ਤਸਵੀਰਾਂ ਨੂੰ ਬਣਾਇਆ ਜਾਂਦਾ ਹੈ । ਹੁਣ ਸਿੱਧੂ ਮੂਸੇ ਵਾਲੇ ਦੇ ਲਾਈਵ ਸ਼ੋਅ ਦੇ ਦੌਰਾਨ ਇਹ ਤਕਨੀਕ ਵਰਤੀ ਜਾਵੇਗੀ ਤੇ ਇਸ ਦੀ ਵਰਤੋਂ ਨਾਲ ਸਿੱਧੂ ਦੇ ਚਿਤਰਾਂ ਨੂੰ ਬਣਾਇਆ ਜਾਵੇਗਾ। ਇਸ ਤਕਨੀਕ ਵਿੱਚ graphics ਦੀ ਵਰਤੋਂ ਨਹੀਂ ਹੁੰਦੀ ਹੈ। ਇਸ ਦੀ ਬਜਾਇ ਹੋਲੋਗ੍ਰਾਮ ਨੂੰ ਵਰਤਿਆ ਜਾਂਦਾ ਹੈ।
ਇਸ ਤੋਂ ਇਲਾਵਾ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਆਪਣੇ ਪਿੰਡ ਵਿੱਚ ਹੀ ਇੱਕ ਲਾਈਬਰੇਰੀ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਲਾਇਬ੍ਰੇਰੀ ਲਈ 20 ਲੱਖ ਰੁਪਏ ਐਮ.ਪੀ ਲੈਂਡ ਫੰਡ ਵਿੱਚੋਂ ਖਰਚ ਕੀਤੇ ਜਾਣਗੇ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਵਿੱਚ ਸਮਾਂ ਵਿਅਰਥ ਗੁਆਉਣ ਦੀ ਬਜਾਇ ਕਿਤਾਬਾਂ ਨਾਲ ਜੁੜਿਆ ਜਾਵੇ,ਜਿਸ ਨਾਲ ਉਹ ਆਪਣੀ ਸ਼ਖਸੀਅਤ ਨੂੰ ਹੋਰ ਵੀ ਨਿਖਾਰ ਸਕਦੇ ਹਨ। ਸੋਸ਼ਲ ਮੀਡੀਆ ਉਤੇ ਤਾਂ ਅੱਧਾ ਝੂੱਠ ਹੁੰਦਾ ਹੈ। ਜਦੋਂ ਕਿ ਕਿਤਾਬਾਂ ਸੂਝਵਾਨ ਲਿਖਾਰੀਆਂ ਨੇ ਲਿਖੀਆਂ ਹੁੰਦੀਆਂ ਹਨ,ਜਿਸ ਕਾਰਨ ਇਹਨਾਂ ਤੋਂ ਕਾਫੀ ਕੁਝ ਸਿਖਣ ਨੂੰ ਮਿਲਦਾ ਹੈ। ਸਾਰੀ ਦੁਨੀਆ ਭਰ ਦੀ ਜਾਣਕਾਰੀ ਕਿਤਾਬਾਂ ਰਾਹੀਂ ਅੱਜ ਦੇ ਨੌਜਵਾਨ ਤੱਕ ਪਹੁੰਚਣੀ ਚਾਹੀਦੀ ਹੈ।