ਮੁਹਾਲੀ : ਸਿੱਖਿਆ ਵਿਭਾਗ ਵਲੋਂ 168 ਡੀਪੀ ਮਾਸਟਰ ਕੈਡਰ ਦੀਆਂ ਸਲੈਕਸ਼ਨ ਲਿਸਟਾਂ ਨਾ ਜਾਰੀ ਹੋਣ ਕਾਰਨ ਅਧਿਆਪਕਾਂ ਵਿੱਚ ਫੈਲੇ ਰੋਸ ਨੇ ਜ਼ੋਰ ਫੜ ਲਿਆ ਹੈ ਤੇ ਅੱਜ ਮੁਹਾਲੀ ਦੀਆਂ ਸੜਕਾਂ ‘ਤੇ ਇਹ ਰੋਸ ਪ੍ਰਦਰਸ਼ਨ ਦੇਖਣ ਨੂੰ ਵੀ ਮਿਲਿਆ ਹੈ। ਭਰਤੀ ਪ੍ਰਕ੍ਰਿਆ ਪੂਰੀ ਨਾ ਹੋਣ ਕਾਰਨ ਸੋਹਾਣਾ ਸਾਹਿਬ ਗੁਰਦੁਆਰੇ ਕੋਲ ਕੜਾਕੇ ਦੀ ਠੰਡ ਵਿੱਚ ਅਧਿਆਪਕਾਂ ਨੇ ਸੜਕ ਤੇ ਹੀ ਧਰਨਾ ਲਾ ਦਿੱਤਾ ਹੈ ਤੇ ਕੁੱਝ ਰੋਸ ਵਜੋਂ ਪਾਣੀ ਵਾਲੀ ਟੈਂਕੀ ਤੇ ਵੀ ਚੜੇ ਹੋਏ ਹਨ।
ਧਰਨਾ ਦੇ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਡੀਪੀਆਈ ਭਰਤੀ ਵੇਲੇ ਟੈਟ ਦੀ ਪ੍ਰੀਖੀਆ ਅੱਜ ਤੱਕ ਕਦੇ ਨਹੀਂ ਲਈ ਗਈ ਹੈ ਪਰ ਹੁਣ ਨਿਯੁਕਤੀ ਪੱਤਰ ਦੇਣ ਵੇਲੇ ਉਹਨਾਂ ਤੋਂ ਟੈਟ ਦੀ ਮੰਗ ਕੀਤੀ ਜਾ ਰਹੀ ਹੈ।
ਧਰਨਾਕਾਰੀ ਅਧਿਆਪਕਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 4161 ਮਾਸਟਰ ਕੇਡਰ ਵਿਚ ਆਈਆਂ 168 ਡੀ. ਪੀ. ਈ ਦੀਆ ਪੋਸਟਾਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ 10 /11/2022 ਤੇ 11/11/2022 ਨੂੰ ਹੋ ਚੁੱਕੀ ਹੈ, ਪਰ ਭਰਤੀ ਬੋਰਡ ਵੱਲੋਂ ਪੀਐੱਸ ਟੈਟ ਮੰਗਿਆ ਗਿਆ ਹੈ ,ਜਿਸ ਕਾਰਨ ਹਾਲੇ ਤੱਕ ਸਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਕਿਸੇ ਵੀ ਵਿਭਾਗ ਵੱਲੋਂ ਅੱਜ ਤਕ ਸਰੀਰਕ ਸਿੱਖਿਆ ਵਿਸ਼ੇ ਨਾਲ ਸੰਬੰਧਤ ਕੋਈ ਵੀ ਪੀਐੱਸ ਟੈਟ ਨਹੀਂ ਕਰਵਾਇਆ ਗਿਆ, ਇਸ ਕਾਰਨ ਕਰਕੇ ਇਸ ਸ਼ਰਤ ਨੂੰ ਖਾਰਿਜ ਕਰਨ ਦੀ ਮੰਗ ਨੂੰ ਲੈ ਕੇ ਮੁਹਾਲੀ ਦੇ ਸੋਹਾਣਾ ਸਾਹਿਬ ਚੌਂਕ ਵਿਖੇ 9 ਜਨਵਰੀ 2023 ਨੂੰ ਸ਼ਾਤਮਈ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ,ਜੋ ਕਿ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸੰਨ 2011 ਵਿੱਚ ਨਿਕਲੀਆਂ ਪੀਟੀ ਆਧਿਆਪਕਾਂ ਦੀਆਂ ਭਰਤੀਆਂ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਅਣਗਹਿਲੀ ਵਰਤਣ ਕਾਰਣ ਦੁਖੀ ਹੋਏ ਅਧਿਆਪਕਾਂ ਨੇ ਨਾ ਸਿਰਫ ਸੋਹਾਣਾ,ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਦੋ ਮਹਿਲਾ ਅਧਿਆਪਕ ਪਾਣੀ ਦੀ ਟੈਂਕੀ ‘ਤੇ ਵੀ ਚੜੀਆਂ ਸਨ।
ਇਹ ਮਾਮਲਾ ਵੀ ਸੰਨ 2011 ਦਾ ਇਹ ਮਾਮਲਾ ਲੱਟਕ ਰਿਹਾ ਸੀ,ਜਦੋਂ 646 ਪੋਸਟਾਂ ਸਰਕਾਰ ਨੇ ਕੱਢੀਆਂ ਸੀ। ਇਹਨਾਂ ਨੂੰ ਅਣਅਧਿਕਾਰਤ ਟੈਸਟ ਦੇਣ ਲਈ ਕਿਹਾ ਗਿਆ ਸੀ ਪਰ 2016 ਵਿੱਚ ਇਸ ਤੇ ਵੀ ਹਾਈਕੋਰਟ ਨੇ ਸਟੇਅ ਲਾ ਦਿੱਤਾ ਸੀ। ਅਦਾਲਤ ਤੋਂ ਫੈਸਲਾ ਆਉਣ ਤੋਂ ਬਾਅਦ ਵੀ ਮੈਰਿਟ ਸੂਚੀ ਜਾਰੀ ਨਹੀਂ ਹੋਈ ਸੀ।