‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਮੋਗਾ ਦੇ ਥਾਣੇ ਸਮਾਲਸਰ ਅਧੀਨ ਪੰਜਗਰਾਂਈ ਹੱਦ ‘ਤੇ ਪੁਲਿਸ ਦੀ ਨਾਕਾਬੰਦੀ ਦੌਰਾਨ ਛੋਟਾ ਹਾਥੀ(ਟੈਂਪੂ) ਚਾਲਕ ਤੇ ਪੁਲੀਸ ਵਿਚਾਲੇ ਤਕਰਾਰ ਹੋ ਗਈ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਥਾਣੇ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਮੁਤਾਬਿਕ, ਪੁਲਿਸ ਅਧਿਕਾਰੀ ਤੇ ਛੋਟੇ ਹਾਥੀ (ਟੈਂਪੂ) ਦੇ ਡਰਾਇਵਰ ਵਿਚਾਲੇ ਹੋਈ ਤਕਰਾਰ ਦੀ ਵੀਡੀਓ ਵਾਇਰਲ ਹੋਣ ‘ਤੇ ਪਤਾ ਲੱਗਾ ਹੈ, ਕਿ ਨਾਕਾਬੰਦੀ ਦੌਰਾਨ ਟੈਪੂ ਦੇ ਡਰਾਇਵਰ ਨੂੰ ਗੱਡੀ ਦੇ ਕਾਗਜ਼ ਚੈੱਕ ਕਰਾਉਣ ਲਈ ਰੋਕਿਆ ਗਿਆ ਸੀ। ਪੁਲਿਸ ਅਧਿਕਾਰੀ ਨੇ ਡਰਾਇਵਰ ਨੂੰ ਕਿਸੇ ਵਧੀਕੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ Covid-19 ਦੌਰਾਨ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਤੇ ਵਾਹਨਾਂ ਦੇ ਪੂਰੇ ਦਸਤਾਵੇਜ਼ ਨਾਲ ਰੱਖਣੇ ਚਾਹੀਦੇ ਹਨ।
ASI ਸੁਰਜੀਤ ਸਿੰਘ ਦੀ ਅਗਵਾਈ ‘ਚ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਮੌਕੇ ਇੱਕ ਛੋਟਾ ਹਾਥੀ ਚਾਲਕ ਆਪਣੀ ਗੱਡੀ ‘ਚ ਮੱਝ ਲਿਜਾ ਰਿਹਾ ਸੀ ਤੇ ਪੁਲੀਸ ਨੇ ਉਸ ਨੂੰ ਕਾਗਜ਼ ਚੈੱਕ ਕਰਵਾਉਣ ਲਈ ਆਖਿਆ। ਪੁਲਿਸ ਅਧਿਕਾਰੀ ਜਦੋਂ ਡਰਾਇਵਰ ਦਾ ਚਲਾਨ ਕੱਟਣ ਲੱਗਾ ਤਾਂ ਡਰਾਵਿਰ ਨੇ ਕਿਹਾ ਕਿ ਬਿਮਾਰੀ ਕਾਰਨ ਉਸ ਦੀ ਪਹਿਲਾਂ ਹੀ ਦੋ ਏਕੜ ਜ਼ਮੀਨ ਵਿਕ ਗਈ ਹੈ। ਹੁਣ ਪਰਿਵਾਰ ਪਾਲਣ ਲਈ ਕਰਜ਼ਾ ਚੁੱਕ ਕੇ ਲਾਕਡਾਊਨ ਤੋਂ ਇੱਕ ਮਹੀਨਾਂ ਪਹਿਲਾਂ ਹੀ ਵਾਹਨ ਖਰੀਦਿਆ ਸੀ। ਇਸ ਦੇ ਸਾਰੇ ਕਾਗਜ਼ ਹਾਲੇ ਮਾਲਕ ਕੋਲੋਂ ਲੈਣੇ ਹਨ। ਅੱਜ ਮੇਰਾ ਗੇੜੇ ਦਾ ਪਹਿਲਾਂ ਹੀ ਦਿਨ ਹੈ।
ਮਿੰਨਤਾਂ ਕਰਨ ਦੇ ਬਾਵਜੂਦ ਵੀ ਪੁਲੀਸ ਮੁਲਾਜ਼ਮ ਚਲਾਨ ਕੱਟਣ ਲਈ ਅੜਿਆਂ ਰਿਹਾ ਤਾਂ ਡਰਾਇਵਰ ਨੇ ਪੁਲੀਸ ਮੁਲਾਜ਼ਮਾਂ ਦੀ ਰੇਲ ਬਣਾ ਦਿੱਤੀ। ਟੈਂਪੂ ਡਰਾਇਵਰ ਨੇ ਪੁਲਿਸ ਮੁਲਾਜ਼ਮ ਨੂੰ ਕਿਹਾ ਤੁਸੀਂ ਗਰੀਬਾਂ ਨਾਲ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਦੇ ਹੋ। ਇਸ ਮੌਕੇ ਡਰਾਇਵਰ ਨੇ ਪੁਲਿਸ ਮੁਲਾਜ਼ਮ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਮੇਰਾ ਚਲਾਣ ਕੱਟਿਆ ਤਾਂ ਮੈਂ ਇਥੇ ਹੀ ਆਪਣੇ ਆਪ ਨੂੰ ਜ਼ਿੰਦਾਂ ਅੱਗ ਲਗਾਕੇ ਸੜ ਜਾਵਾਂਗਾ।