Punjab

ਪੰਜਾਬ ਸਰਕਾਰ ਨੇ ਲਿਆ ਫੈਸਲਾ,ਇਸ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਵਧਾਈਆਂ ਛੁੱਟੀਆਂ ਪਰ ਅਧਿਆਪਕ ਆਉਣਗੇ ਸਕੂਲ

ਚੰਡੀਗੜ੍ਹ : ਪੰਜਾਬ ‘ਚ ਚੱਲ ਰਹੀ ਸੀਤ ਲਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਤੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ, ਸੂਬੇ ਦੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਛੁੱਟੀਆਂ 14 ਜਨਵਰੀ ਤੱਕ ਵੱਧਾ ਦਿਤੀਆਂ ਹਨ।ਜਦੋਂ ਕਿ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਅਤੇ ਪ੍ਰਾਇਮਰੀ/ਸੈਕੰਡਰੀ ਵਿਭਾਗਾਂ ਦੇ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ।

ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਹੋਵੇਗਾ। ਇਸ ਬਾਰੇ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 8 ਜਨਵਰੀ, 2023 ਤੱਕ ਵਧਾ ਦਿੱਤੀਆਂ ਸੀ ਕਿਉਂਕਿ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ।

ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ 25 ਦਸੰਬਰ ਤੋਂ 1ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਮੌਸਮ ਦੇ ਖ਼ਰਾਬ ਹੋਣ ਦੇ ਮੱਦੇਨਜ਼ਰ ਇੱਕ ਜਨਵਰੀ ਤੋਂ ਬਾਅਦ ਇਹ ਦੂਜੀ ਵਾਰ ਛੁੱਟੀਆਂ ਵੱਧਾ ਦਿੱਤੀਆਂ ਗਈਆਂ ਹਨ।

ਇਸ ਦਾ ਮੁੱਖ ਕਾਰਨ ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਠੰਡੇ ਤੋਂ ਬਹੁਤ ਗੰਭੀਰ ਠੰਡ ਦੇ ਹਾਲਾਤਾਂ ਦਾ ਬਣਨਾ ਮੰਨਿਆ ਗਿਆ ਹੈ।ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ‘ਸੰਘਣੀ’ ਤੋਂ ‘ਬਹੁਤ ਸੰਘਣੀ’ ਧੁੰਦ ਅਤੇ ਸੀਤ ਲਹਿਰ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ।ਇਸ ਲਈ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਮੁੱਖ ਰਖਦੇ ਹੋਏ ਇਹ ਫੈਸਲਾ ਕੀਤਾ ਹੈ।