ਬਿਊਰੋ ਰਿਪੋਰਟ : ਪੁਲਿਸ ਦੇ 2 ਮੁਲਾਜ਼ਮ ਦੇ ਘਰਾਂ ਵਿੱਚ ਲੱਖਾਂ ਦੇ ਸੋਨੇ ਅਤੇ ਕੈਸ਼ ਦੀ ਚੋਰੀ ਹੋ ਗਈ । ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਦੀ ਇਹ ਵਾਰਦਾਤ ਉਨ੍ਹਾਂ ਦੇ ਸਰਕਾਰੀ ਘਰਾਂ ਵਿੱਚ ਹੋਈ । ਇਸ ਤੋਂ ਵੀ ਚੌਕਾਨ ਵਾਲੀ ਖ਼ਬਰ ਇਹ ਹੈ ਕਿ ASI ਨੂੰ ਆਪਣੀ ਵਰਦੀ ‘ਤੇ ਨਹੀਂ ਬਲਕਿ ਇੱਕ ਬਾਬੇ ‘ਤੇ ਜ਼ਿਆਦਾ ਭਰੋਸਾ ਸੀ । ਉਹ ਬਾਬੇ ਕੋਲ ਚੋਰਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪਹੁੰਚ ਗਿਆ ਅਤੇ ਉਸ ਨੇ ਬਾਬੇ ਨੂੰ ਚੋਰਾਂ ਦਾ ਪਤਾ ਦੱਸਣ ਦੇ ਲਈ 11 ਹਜ਼ਾਰ ਰੁਪਏ ਦਿੱਤੇ । ਬਾਬੇ ਨੇ ਦਾਅਵਾ ਕੀਤਾ ਕਿ ਚੋਰ ਪੰਜਾਬ ਵਿੱਚ ਮੌਜੂਦ ਹਨ । ਪਰ ਬਾਬੇ ਦੇ ਪਿੱਛੇ ਲੱਗੇ ਪਾਨੀਪਤ ਦੇ ASI ਨਾਲ ਬਹੁਤ ਬੁਰੀ ਹੋਈ । ਬਾਬੇ ਦੇ ਦਾਅਵੇ ਦੀ ਪੋਲ ਤਾਂ ਖੁਲੀ ਹੀ ਨਾਲ ਪੁਲਿਸ ‘ਤੇ ਵੀ ਲੋਕ ਸਵਾਲ ਚੁੱਕ ਰਹੇ ਹਨ ।
ਬਾਬੇ ਨੇ ਕੀਤਾ ਸੀ ਇਹ ਦਾਅਵਾ
ਪਾਨੀਪਤ ਪੁਲਿਸ ਦਾ ASI ਕ੍ਰਿਸ਼ਣ ਕੁਮਾਰ ਘਰ ਵਿੱਚ ਹੋਈ ਚੋਰੀ ਨੂੰ ਲੈਕੇ ਮੱਧ ਪ੍ਰਦੇਸ਼ ਵਿੱਚ ਸਥਿਤ ਪੰਡੋਖਰ ਬਾਬਾ ਦੇ ਕੋਲ ਪਹੁੰਚ ਗਿਆ । ਬਾਬੇ ਨੇ ਦਾਅਵਾ ਕੀਤਾ ਕਿ ਸੁਰਾਗ ਤੇਰੇ ਘਰ ਵਿੱਚ ਹੀ ਹੈ ਅਤੇ ਮੁਲਜ਼ਮ ਪੰਜਾਬ ਦੀ ਸਰਹੱਦ ਵਿੱਚ ਫੜੇ ਜਾਣਗੇ । ਇਹ ਵੀ ਦਾਅਵਾ ਕੀਤਾ ਗਿਆ ਕਿ 1 ਤੋਂ 3 ਮੁਲਜ਼ਮ ਇਸ ਵਾਰਦਾਤ ਵਿੱਚ ਫੜੇ ਜਾਣਗੇ । ਪਰ ਚੋਰੀ ਦਾ ਸਮਾਨ ਨਹੀਂ ਮਿਲੇਗਾ । ਇਸ ਦੇ ਬਾਅਦ ਪੰਡੋਖਰ ਬਾਬੇ ਨੇ ASI ਨੂੰ ਚੋਰਾਂ ਦਾ ਨੰਬਰ ਦੇਣ ਦੀ ਗੱਲ ਵੀ ਕਹੀ । ASI ਨੇ ਬਾਬੇ ਦੀ ਗੱਲ ਸੁਣਨ ਤੋਂ ਬਾਅਦ 11 ਹਜ਼ਾਰ ਰੁਪਏ ਰੱਖ ਦਿੱਤੇ । ਪਰ ਬਾਬੇ ਦੇ ਇਹ ਸਾਰੇ ਦਾਅਵੇ ਝੂਠੇ ਸਾਬਿਤ ਹੋਏ ।
ਗੁਰੂਗਰਾਮ ਤੋਂ ਫੜੇ ਗਏ ਚੋਰ
ਚੋਰ 20 ਤੋਲਾ ਸੋਨਾ ਵੇਚਣ ਦੇ ਲਈ ਗੁਰੂਗਰਾਮ ਦੇ ਇੱਕ ਸੁਨਿਆਰ ਕੋਲ ਪਹੁੰਚੇ, ਸੁਨਿਆਰ ਨੂੰ ਉਨ੍ਹਾਂ ਦੇ ਸ਼ੱਕ ਹੋਇਆ ਤਾਂ ਫੌਰਨ ਪੁਲਿਸ ਨੂੰ ਬੁਲਾਇਆ 4 ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਚੋਰਾਂ ਤੋਂ ਸੋਨਾ ਵੀ ਰਿਕਵਰ ਕਰ ਲਿਆ । ਪੰਡੋਖਰ ਬਾਬੇ ਵੱਲੋਂ ASI ਨੂੰ ਕੀਤੇ ਗਏ ਦੋਵੇ ਦਾਅਵੇ ਗਲਤ ਸਾਬਿਤ ਹੋਏ । ਬਾਬੇ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਚੋਰ ਪੰਜਾਬ ਤੋਂ ਫੜੇ ਜਾਣਗੇ ਜਦਕਿ ਫੜੇ ਗਏ ਗੁਰੂਗਰਾਮ ਤੋਂ ਦੂਜਾ ਚੋਰੀ ਦਾ ਸਮਾਨ ਨਹੀਂ ਮਿਲੇਗਾ,ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਗਿਆ । ASI ਦੀ ਬਾਬੇ ਨਾਲ ਫੋਟੋਆਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਨੀਪਤ ਪੁਲਿਸ ਹੁਣ ਸਵਾਲਾਂ ਦੇ ਘੇਰੇ ਵਿੱਚ ਹੈ ਲੋਕ ਸਵਾਲ ਪੁੱਛ ਰਹੇ ਹਨ ਕਿ ਅਜਿਹੀ ਪੁਲਿਸ ਹੁਣ ਸਾਡੀ ਸੁਰੱਖਿਆ ਕਰੇਗੀ । ਜਿਹੜੇ ਚੋਰ ਫੜੇ ਗਏ ਹਨ ਉਹ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਇੰਨਾਂ ਦੇ ਫੜੇ ਜਾਣ ਨਾਲ ਪੁਲਿਸ ਨੇ ਕਈ ਵੱਡੀਆਂ ਚੋਰੀ ਦੇ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਾਤ ਹੈ । ਗੁਰਗਰਾਮ ਪੁਲਿਸ ਹੁਣ ਪ੍ਰੋਡਕਸ਼ਨ ਵਾਰੰਟ ‘ਤੇ ਚੋਰਾ ਨੂੰ ਪਾਨੀਪਤ ਪੁਲਿਸ ਨੂੰ ਸੌਂਪੇਗੀ ।
ਚਾਂਦਨੀ ਬਾਗ ਥਾਣੇ ਦੇ ASI ਕ੍ਰਿਸ਼ਨ ਕੁਮਾਰ ਦਾ ਘਰ ਪਾਨੀਪਤ ਦੀ ਸਿਵਿਲ ਲਾਈਨ ਵਿੱਚ ਹੈ । ਉਸ ਦੇ ਘਰ 3 ਲੱਖ 75 ਹਜ਼ਾਰ ਕੈਸ਼,10 ਤੋਲਾ ਵਜਨੀ ਸੋਨੇ ਦੀ ਚੇਨ ਦਾ ਲਾਕਟ,15 ਤੋਲੇ ਦੇ 3 ਕੜੇ. 3 ਤੋਲੇ ਦਾ ਨੈੱਕਲਸ, 3 ਤੋਲਾ ਮੰਗਲ ਸੂਤਰ, 1 ਤੋਲੇ ਬੱਚੇ ਦੀ ਸੋਨੇ ਦੀ ਚੇਨ, 8 ਤੋਲੇ ਦੀਆਂ 12 ਸੋਨੇ ਦੀਆਂ ਅੰਗੂਠੀਆਂ,2 ਤੋਲੇ ਦਾ ਕਿੱਟੀ ਸੈੱਟ, 4 ਤੋਲੇ ਦੇ 2 ਸੈੱਟ ਦੇ ਨਾਲ 1 ਕਿਲੋ ਚਾਂਦੀ ਦੇ ਗਹਿਣੇ ਸਨ ਜਿੰਨਾਂ ‘ਤੇ ਚੋਰਾਂ ਨੇ ਹੱਥ ਸਾਫ ਕੀਤੇ ਸਨ। ਇਸ ਤੋਂ ਇਲਾਵਾ ਦੂਜੇ ASI ਬਿਜੇਂਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਤੋਂ 20 ਤੋਲੇ ਸੋਨਾ ਅਤੇ 6500 ਰੁਪਏ ਕੈਸ਼ ਚੋਰੀ ਹੋਏ ਸਨ ਉਹ ਆਪਣੀ ਧੀ ਦੇ ਘਰ ਗਿਆ ਸੀ । ਜਦੋਂ ਉਹ ਘਰ ਪਰਤਿਆਂ ਤਾਂ ਗੇਟ ਦਾ ਕੁੰਡਾ ਟੁੱਟਿਆ ਹੋਇਆ ਸੀ । ਅੰਦਰ ਜਦੋਂ ਚੈੱਕ ਕੀਤਾ ਤਾਂ 3 ਸੋਨੇ ਦੀਆਂ ਅੰਗੂਠੀ ਗਾਇਬ ਸੀ, ਮੰਗਲ ਸੂਤਰ, ਨੱਥ,ਮੱਥੇ ਦਾ ਟਿੱਕਾ ਵੀ ਨਹੀਂ ਸੀ ।
ASI ਸਸਪੈਂਡ ਅਤੇ SHO ਲਾਈਨ ਹਾਜ਼ਰ
ਅਗਸਤ 2022 ਵਿੱਚ ਛੱਤਰਪੁਰ ਦੇ ਇੱਕ ਘਰ ਵਿੱਚੋ ਲਾਪਤਾ 17 ਸਾਲ ਦੀ ਕੁੜੀ ਦੇ ਕਤਲ ਦੀ ਗੁੱਥੀ ਸੁਲਝਾਉਣ ਦੇ ਲਈ ਵੀ ਛੱਤਰਪੁਰ ਦਾ ASI ਪੰਡੋਖੜ ਧਾਮ ਬਾਬੇ ਕੋਲ ਪਹੁੰਚਿਆ ਸੀ । ਜਿੱਥੇ ਬਾਬੇ ਦੇ ਕਹਿਣ ‘ਤੇ ASI ਨੇ ਮ੍ਰਿਤਕ ਕੁੜੀ ਦੇ ਚਾਚੇ ਨੂੰ ਗ੍ਰਿਫਤਾਰ ਕੀਤਾ ਸੀ । ਇਸੇ ਘਟਨਾ ਦਾ ਜਦੋਂ ਵੀਡੀਓ ਵਾਇਰਲ ਹੋਇਆ ਸੀ ਤਾਂ ASI ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ SHO ਨੂੰ ਲਾਈਨ ਹਾਜ਼ਰ ਕੀਤਾ ਗਿਆ ਸੀ।