Punjab

ਜ਼ੀਰਾ ਮੋਰਚਾ : ਕਿਸਾਨ ਜਥੇਬੰਦੀਆਂ ਤੇ ਆਮ ਲੋਕ ਪੰਜਾਬ ਸਰਕਾਰ ਦੇ ਖਿਲਾਫ਼ ਡੱਟੇ,ਕੜਾਕੇ ਦੀ ਠੰਡ ਵਿੱਚ ਵੀ ਜਾਰੀ ਹਨ ਰੋਸ ਪ੍ਰਦਰਸ਼ਨ

ਅੰਮ੍ਰਿਤਸਰ : ਕਥਿਤ ਤੌਰ ‘ਤੇ ਪੰਜਾਬ ਸਰਕਾਰ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਮਾਲਕ ਦੀਪ ਮਲਹੋਤਰਾ ਦਾ ਪੱਖ ਪੂਰਨ ਕਾਰਨ ਕਿਸਾਨ ਜਥੇਬੰਦੀਆਂ ਕਾਫੀ ਖਫਾ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਵੀ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ,ਚਾਹੇ ਉਹ ਡੀਸੀ ਦਫਤਰ ਹੋਣ ਜਾ ਪੰਜਾਬ ਦੇ ਟੋਲ ਪਲਾਜ਼ੇ। ਜ਼ੀਰਾ ਫੈਕਟਰੀ ਨੂੰ ਬੰਦ ਕਰਨ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਜ਼ੀਰਾ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਨੂੰ ਲੈ ਕੇ ਅੱਜ ਵੀ ਕੜਾਕੇ ਦੀ ਠੰਡ ਵਿੱਚ ਕਿਸਾਨਾਂ ਤੇ ਆਮ ਲੋਕਾਂ  ਨੇ ਰੋਸ ਪ੍ਰਦਰਸ਼ਨ ਕੀਤਾ ਹੈ।ਫੈਕਟਰੀ ਦੇ ਵਿਰੋਧ ਵਿੱਚ ਦਿੱਤੇ ਗਏ ਸੱਦੇ ਦੇ ਚੱਲਦਿਆਂ ਕਈ ਪਿੰਡਾਂ ਵਿੱਚ ਵੀ ਮਾਨ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ।

ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਕਥੁਨੰਗਲ ਟੋਲ ਪਲਾਜ਼ੇ ‘ਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। ਜੁਮਲਾ ਮੁਸਤਰਕਾ ਮਾਲਕਾਨਾ ਜ਼ਮੀਨਾਂ ਨੂੰ ਪੰਚਾਇਤ ਨੂੰ ਸੌਂਪਣ ਲਈ ਸਰਕਾਰ ਵੱਲੋਂ ਕਾਸ਼ਤਕਾਰ ਕਿਸਾਨਾਂ ਨੂੰ ਜਾਰੀ ਕੀਤੇ ਗਏ ਨੋਟਿਸ ਵਾਪਸ ਲੈਣ ਤੇ ਜ਼ੀਰਾ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਹੋਰ ਵੀ ਕਈ ਕਿਸਾਨੀ ਮੰਗਾਂ ਹਨ,ਜਿਹਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਡੀਸੀ ਦਫਤਰਾਂ ਤੇ ਟੋਲ ਪਲਾਜ਼ਿਆਂ ‘ਤੇ ਲਗਾਤਾਰ ਧਰਨੇ ਜਾਰੀ ਹਨ।

ਸਰਵਣ ਸਿੰਘ ਪੰਧੇਰ,ਕਿਸਾਨ ਆਗੂ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਥੁਨੰਗਲ ਟੋਲ ਪਲਾਜ਼ੇ ‘ਤੇ ਅਰਥੀ ਫੂਕ ਮੁਜ਼ਾਹਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਿਰਫ ਜ਼ੀਰਾ ਵਿੱਚ ਹੀ ਨਹੀਂ ,ਸਗੋਂ ਸਾਰੇ ਪੰਜਾਬ ਵਿੱਚ ਫੈਕਟਰੀਆਂ ਗੰਦਾ ਤੇ ਜ਼ਹਿਰੀਲਾ ਪਾਣੀ ਦਰਿਆਵਾਂ ਤੇ ਧਰਤੀ ਹੇਠਲੇ ਪਾਣੀ ਵਿੱਚ ਮਿਲਾ ਰਹੀਆਂ ਹਨ,ਜਿਸ ਕਾਰਨ ਕੈਂਸਰ ਤੇ ਹੋਰ ਵੀ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ। ਪੰਜਾਬ ਸਰਕਾਰ ਨੂੰ ਕਾਰਪੋਰੇਟਰਾਂ ਦਾ ਪੱਖ ਪੂਰਨ ਦੀ ਬਜਾਇ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਤੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਜੁਮਲਾ ਮੁਸਤਰਕਾ ਮਾਲਕਾਨਾ ਜ਼ਮੀਨਾਂ ‘ਤੇ ਵਾਹੀ ਕਰ ਰਹੇ ਕਿਸਾਨਾਂ ਨਾਲ ਹੋ ਰਹੇ ਧੱਕੇ ਨੂੰ ਵੀ ਕਿਸਾਨ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ। ਇਸ ਦੇ ਖਿਲਾਫ ਵੀ ਸੰਘਰਸ਼ ਛੇੜਿਆ ਗਿਆ ਹੈ । ਇਸ ਤੋਂ ਇਲਾਵਾ ਸਰਕਾਰੀ ਪ੍ਰੋਜੈਕਟਾਂ ਲਈ ਲਈਆਂ ਗਈਆਂ ਜ਼ਮੀਨਾਂ ਦੇ ਮਿਲਣ ਵਾਲੇ ਅਸਾਵੇਂ ਮੁਆਵਜ਼ੇ ਕਾਰਨ ਵੀ ਕਿਸਾਨ ਦੁਖੀ ਹਨ।

ਅੱਜ ਜਥੇਬੰਦੀ ਵੱਲੋਂ ਵਿਰੋਧ ਦੇ ਦੂਸਰੇ ਦਿਨ ਟੋਲ ਪਲਾਜ਼ਾ ਕੱਥੂਨੰਗਲ,ਟੋਲ ਪਲਾਜ਼ਾ ਛਿੱਡਣ,ਅੱਡਾ ਟਾਹਲੀ ਸਾਹਿਬ ਅਤੇ ਚੱਬਾ ਸਮੇਤ 6 ਥਾਵਾਂ ਤੇ ਪੰਜਾਬ ਦੀ ਮਾਨ ਸਰਕਾਰ ਦੀ ਅਰਥੀ ਫੂਕੀ ਅਤੇ ਮੋਰਚੇ ਦੀ ਲਾਮਬੰਦੀ ਤੇਜ਼ ਕਰਦੇ ਹੋਏ ਅੱਜ ਛੇ ਜੋਨਾ ਦੀਆਂ ਅਹਿਮ ਮੀਟਿੰਗਾਂ ਕੀਤੀਆਂ ਗਈਆਂ ਹਨ।

ਉਹਨਾਂ ਇਹ ਵੀ ਕਿਹਾ ਹੈ ਕਿ ਡੀਸੀ ਦਫਤਰਾਂ ‘ਤੇ ਚਲ ਰਹੇ‌ ਮੋਰਚਿਆਂ ਵਿੱਚ ਕਿਸਾਨਾਂ-ਮਜ਼ਦੂਰਾਂ ਅਤੇ ਸ਼ਹਿਰੀ ਵਰਗਾਂ ਦੀ ਵੱਧ ਰਹੀ ਆਮਦ, ਟੋਲ ਫ੍ਰੀ ਮੋਰਚੇ ਵਿੱਚ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਹਮਾਇਤ ਦੇਣ ਦੇ ਐਲਾਨ ਦਾ ਜਥੇਬੰਦੀ ਸਵਾਗਤ ਕਰਦੀ ਹੈ। ਆਗੂਆਂ ਨੇ ਕਿਹਾ ਕਿ ਜ਼ੀਰਾ ਸ਼ਰਾਬ ਫੈਕਟਰੀ ਮੋਰਚੇ ਸਮੇਤ ਅੰਦੋਲਨ ਚੜਦੀ ਕਲਾ ਨਾਲ ਜਾਰੀ ਹਨ।

ਇਸ ਤੋਂ ਇਲਾਵਾ ਜ਼ੀਰਾ ਮੋਰਚੇ ਨੂੰ ਪਿੰਡ ਲੋਗੋਦੇਵਾ ਜੀਰਾ ਅਰਥੀ ਫੂਕ ਮੁਜਾਹਾਰਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ‘ਤੇ  ਪਿੰਡ ਕਾਦੀਆਂ ਦੇ ਨਿਵਾਸੀਆਂ ਵੱਲੋਂ ਵੀ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ।

ਇਸੇ ਤਰਾਂ ਜ਼ੀਰਾ ਮੋਰਚੇ ਨੂੰ support ਕਰਨ ਲਈ ਹੋਰ ਵੀ ਕਈ ਇਲਾਕਿਆਂ ਤੋਂ ਪੁਤਲੇ ਫੂਕਣ ਤੇ ਮੁਜ਼ਾਹਰੇ ਕਰਨ ਦੀਆਂ ਖ਼ਬਰਾਂ ਹਨ।