ਬਿਊਰੋ ਰਿਪੋਰਟ : ਸੰਗਰੂਰ ਦੇ ਇੱਕ ਪਿੰਡ ਨੇ ਨਵੇਂ ਸਾਲ ਤੋਂ ਦੁਕਾਨਾਂ ‘ਤੇ ਤੰਬਾਕੂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲੱਗਾ ਦਿੱਤੀ ਹੈ । ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਲਾਘਾ ਕੀਤੀ ਹੈ ਅਤੇ ਪਿੰਡ ਵਾਲਿਆਂ ਨੂੰ ਇਸ ‘ਤੇ ਪਹਿਰਾ ਦੇਣ ਲਈ ਕਿਹਾ ਹੈ । ਸੰਗਰੂਰ ਦੇ ਸੁਨਾਮ ਅਧੀਨ ਆਉਣ ਵਾਲੇ ਪਿੰਡ ਝਾੜੋਂ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਗਰਾਮ ਪੰਚਾਇਤ ਨੇ ਮਿਲਕੇ ਇਹ ਫੈਸਲਾ ਲਾਗੂ ਕੀਤਾ ਹੈ । ਇਸ ਫੈਸਲੇ ਮੁਤਾਬਿਕ 1 ਜਨਵਰੀ 2023 ਤੋਂ ਪਿੰਡ ਦੀਆਂ ਦੁਕਾਨਾਂ ‘ਤੇ ਤੰਬਾਕੂ,ਬੀੜੀ,ਸਿਗਰਟ,ਜਰਦੇ ਦੇ ਸਮਾਨ ਨਹੀਂ ਵਿਕੇਗਾ । ਫੜੇ ਗਏ ਤਾਂ 7 ਦਿਨ ਤੱਕ ਦੁਕਾਨ ਬੰਦ ਰਹੇਗੀ ਅਤੇ 5 ਹਜ਼ਾਰ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ।
ਇਸ ਤੋਂ ਇਲਾਵਾ ਗਰਾਮ ਪੰਚਾਇਤ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਸਿਰਫ਼ ਵੇਚਣ ਵਾਲੇ ‘ਤੇ ਹੀ ਪਾਬੰਦੀ ਨਹੀਂ ਹੈ ਇਸ ਨੂੰ ਖਾਉਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ । ਪਿੰਡ ਦੀਆਂ ਸੱਥਾਂ,ਬੱਸ ਸਟੈਂਡ,ਸਕੂਲ ਅਤੇ ਜਨਤਕ ਥਾਵਾਂ ‘ਤੇ ਸਿਗਰਟ ਪੀਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਪਿੰਡ ਦੇ ਇਸ ਫੈਸਲੇ ਦਾ SGPC ਨੇ ਸੁਆਗਤ ਕੀਤਾ ਹੈ । SGPC ਦੇ ਬੁਲਾਰੇ ਹਰਭਜਨ ਸਿੰਘ ਨੇ ਪਿੰਡ ਵਾਲਿਆਂ ਦੇ ਫੈਸਲੇ ਦੀ ਤਾਰੀਫ ਕਰਦੇ ਹੋਏ ਕਿਹਾ ਅਜਿਹੇ ਫੈਸਲੇ ਹੋਣ ਪਿੰਡ ਵਾਲਿਆਂ ਨੂੰ ਵੀ ਲੈਣੇ ਚਾਹੀਦੇ ਹਨ । ਇਸ ਤੋਂ ਪਹਿਲਾਂ ਕੁਝ ਸਿੱਖ ਨੌਜਵਾਨਾਂ ਵੱਲੋਂ ਜਲੰਧਰ ਵਿੱਚ ਇੱਕ ਤੰਬਾਕੂ ਦੀ ਦੁਕਾਨ ਤੋਂ ਸਾਰਾ ਸਮਾਨ ਕੱਢ ਕੇ ਸਾੜ ਦਿੱਤਾ ਗਿਆ ਸੀ । ਜਿਸ ਦੀ ਵੀਡੀਓ ਵਿੱਚ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਮੰਗ ਕੀਤੀ ਜਾ ਰਹੀ ਸੀ ਕਿ ਦੁਕਾਨਾਂ ਤੋਂ ਤੰਬਾਕੂ ਸਿਗਰਟ ਵਰਗੇ ਨਸ਼ੀਨੇ ਪ੍ਰਦਾਰਥਾਂ ਦੀ ਖੁੱਲੇਆਮ ਵਿਕਰੀ ਬੰਦ ਹੋਣੀ ਚਾਹੀਦੀ ਹੈ।
ਪਿੰਡ ਝਾੜੋਂ ਦਾ ਇਹ ਉਪਰਾਲਾ ਚੰਗਾ ਹੈ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਸਿਰਫ਼ ਸਰਕਾਰ ਹੀ ਨਹੀਂ ਪੰਚਾਇਤਾਂ ਅਤੇ ਸਥਾਨਕ ਲੋਕਾਂ ਨੂੰ ਵੀ ਪਹਿਲ ਕਰਨੀ ਹੋਵੇਗੀ ਤਾਂਕੀ ਇਸ ਦਾ ਜੜ੍ਹ ਤੋਂ ਹੀ ਸਫਾਇਆ ਕੀਤਾ ਜਾ ਸਕੇ। ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਹੋਵੇਗਾ,ਪਿੰਡ ਵਿੱਚ ਅਜਿਹੇ ਪ੍ਰੋਗਰਾਮ ਚਲਾਉਣਗੇ ਹੋਣ ਜਿਸ ਦੇ ਜ਼ਰੀਏ ਨੌਜਵਾਨਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਵਾਇਆ ਜਾ ਸਕੇ।