ਬਿਊਰੋ ਰਿਪੋਰਟ : ਲੁਧਿਆਣਾ ਦੇ ਗਿਲ ਫਲਾਈ ਓਵਰ ‘ਤੇ 2 ਦਿਨਾਂ ਵਿੱਚ ਦੂਜਾ ਭਿਆਨਕ ਹਾਦਸਾ ਹੋਇਆ ਹੈ। ਇੱਥੇ ਸਵੇਰ ਵੇਲੇ ਫਲਾਈ ਓਵਰ ‘ਤੇ ਇੱਕ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਸੀ ਇਸ ਲਈ ਇਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਨਾਲ ਟਕਰਾਈ। ਇਸ ਦੌਰਾਨ ਬੱਸ ਦੇ ਅਗਲੇ ਟਾਇਰ ਵੀ ਬਾਹਰ ਨਿਕਲ ਗਏ । ਇਸ ਹਾਦਸੇ ਵਿੱਚ 4 ਲੋਕਾਂ ਨੂੰ ਸੱਟਾਂ ਲੱਗੀਆਂ ਹਨ ।
ਜਾਣਕਾਰੀ ਮੁਤਾਬਿਕ ਸਟੈਂਡ ਤੋਂ ਸਵਾਰੀਆਂ ਨੂੰ ਲੈਕੇ ਚੰਡੀਗੜ੍ਹ ਲਈ ਬੱਸ ਰਵਾਨਾ ਹੋਈ ਸੀ । ਜਿਵੇਂ ਹੀ ਉਹ ਪੋਲ ਨਾਲ ਟਕਰਾਈ ਤਾਂ ਬੱਸ ਦੇ ਦੋਵੇ ਅੱਗੇ ਵਾਲੇ ਟਾਇਰ ਨਿਕਲ ਗਏ । ਹਾਦਸੇ ਤੋਂ ਬਾਅਦ ਕਈ ਯਾਤਰੀ ਚਿਲਾਉਣ ਲੱਗੇ । ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਫੌਰਨ ਪ੍ਰਸ਼ਾਸਨ ਨੂੰ ਇਤਲਾਹ ਕੀਤੀ । ਦੱਸਿਆ ਜਾ ਰਿਹਾ ਹੈ ਇੱਕ ਜ਼ਖ਼ਮੀ ਯਾਤਰੀ ਨੂੰ ਪ੍ਰਾਈਵੇਟ ਹਸਤਪਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਡਰਾਈਵਰ ਅਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ ਹਨ।
ਰਾਹਤ ਦੀ ਗੱਲ ਇਹ ਹੈ ਕਿ ਜਿਸ ਵੇਲੇ ਬੱਸ ਹਾਦਸੇ ਦਾ ਸ਼ਿਕਾਰ ਹੋਈ ਉਸ ਵੇਲੇ ਘੱਟ ਹੀ ਯਾਤਰੀ ਸਨ । ਬੱਸ ਹਾਦਸੇ ਤੋਂ ਬਾਅਦ ਸੜਕ ਜਾਮ ਹੋ ਗਈ ਅਤੇ ਕਈ ਘੰਟੇ ਤੱਕ ਟਰੈਫਿਕ ਜਾਮ ਰਿਹਾ । ਫਿਰ ਪੁਲਿਸ ਦੇ ਮੁਲਾਜ਼ਮਾਂ ਨੇ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਪੁੱਲ ਤੋਂ ਹੇਠਾਂ ਉਤਾਰਿਆ ਤਾਂਕੀ ਕੋਈ ਹੋਰ ਹਾਦਸਾ ਨਾ ਹੋਵੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਹਨ । ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰੇਗੀ ਕਿ ਆਖਿਰ ਹਾਦਸੇ ਦਾ ਵੱਡਾ ਕਾਰਨ ਕੀ ਸੀ ? ਹਾਲਾਂਕਿ ਲੋਕਾਂ ਦਾ ਕਹਿਣਾ ਸੀ ਕਿ ਬੱਸ ਦੀ ਸਪੀਡ ਜ਼ਿਆਦਾ ਸੀ ਇਸ ਲਈ ਉਹ ਸੰਤੁਲਨ ਨਹੀਂ ਬਣਾ ਸਕੀ । ਧੁੰਦ ਦੇ ਇਸ ਮੌਸਮ ਵਿੱਚ ਸੜਕ ‘ਤੇ ਗੱਡੀ ਦੀ ਸਪੀਡ ਘੱਟ ਹੋਣੀ ਚਾਹੀਦੀ ਹੈ ਅਜਿਹੇ ਵਿੱਚ ਬੱਸ ਦੇ ਡਰਾਈਵਰ ਵੱਲੋਂ ਇਹ ਵੱਡੀ ਅਣਗੈਲੀ ਹੈ,ਜੇਕਰ ਬੱਸ ਵਿੱਚ ਜ਼ਿਆਦਾ ਸਵਾਰੀਆਂ ਹੁੰਦੀਆਂ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ । 2 ਦਿਨ ਪਹਿਲਾਂ ਹੀ ਗਿੱਲ ਫਲਾਈ ਓਵਰ ‘ਤੇ ਭਿਆਨਕ ਹਾਦਸਾ ਹੋਇਆ ਸੀ ।
20 ਦਸੰਬਰ ਨੂੰ ਲੁਧਿਆਣਾ ਦੇ ਗਿੱਲ ਫਲਾਈ ਓਵਰ ‘ਤੇ ਇੱਕ ਟਰਾਲੇ ਨੇ ਮੋਟਰ ਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਨਾਲ ਦਰੜ ਦਿੱਤਾ ਸੀ । ਜਿਸ ਦੀ ਵਜ੍ਹਾ ਕਰਕੇ ਮ੍ਰਿਤਕ ਦੀ ਲਾਸ਼ ਦੇ ਟੁੱਕੜੇ ਸੜਕ ‘ਤੇ ਵਿਖਰ ਰਹੇ ਸਨ । ਮ੍ਰਿਤਕ ਜਗਰੂਰ ਸਿੰਘ ਬਿਜਲੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਬੱਚੇ ਕਾਫੀ ਛੋਟੇ ਸਨ । ਜਦੋਂ ਪਰਿਵਾਰ ਵਾਲਿਆਂ ਨੇ ਮ੍ਰਿਤਕ ਜਗਰੂਰ ਦੀ ਲਾਸ਼ ਵੇਖੀ ਤਾਂ ਉਨ੍ਹਾਂ ਦਾ ਵੀ ਬੁਰਾ ਹਾਲ ਹੋ ਗਿਆ । ਦੁਰਘਟਨਾ ਤੋਂ ਬਾਅਦ ਟਰਾਲਾ ਚਲਾਉਣ ਵਾਲਾ ਡਰਾਈਵਰ ਫਰਾਰ ਹੋ ਗਿਆ ਸੀ ।