ਬਿਊਰੋ ਰਿਪਰੋਟ : ਲੁਧਿਆਣਾ ਵਿੱਚ ਸਿਰਫ਼ ਸ਼ੱਕ ਦੇ ਅਧਾਰ ‘ਤੇ ਪਤੀ ਨੇ ਆਪਣੀ ਪਤਨੀ ਦਾ ਗਲਾਂ ਕੱਟ ਕੇ ਕਤਲ ਕਰ ਦਿੱਤਾ । ਹੈਰਾਨੀ ਦੀ ਗੱਲ ਇਹ ਹੈ ਕਿ 3 ਸਾਲ ਪਹਿਲਾਂ ਦੋਵਾਂ ਦੀ ਲਵ ਮੈਰੀਜ ਹੋਈ ਸੀ । ਪਤਨੀ ਦੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਲੁਧਿਆਣਾ-ਮਲੇਰਕੋਟਲਾ ਦੇ ਨਜ਼ਦੀਕ ਕੈਨਾਲ ਦੇ ਕੋਲ ਸੁੰਨਸਾਨ ਥਾਂ ‘ਤੇ ਪਤਨੀ ਦੀ ਲਾਸ਼ ਸੁੱਟ ਦਿੱਤੀ। ਫਿਰ ਪੁਲਿਸ ਨੂੰ ਆਪ ਫੋਨ ਕਰਕੇ ਗੁੰਮਰਾਹ ਕਰਨ ਦੀ ਝੂਠੀ ਕਹਾਣੀ ਸੁਣਾਈ। ਪਰ ਉਹ ਸਫਲ ਨਹੀਂ ਹੋ ਸਕਿਆ ਅਤੇ ਫੜਿਆ ਗਿਆ ।
ਪਤੀ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਕਾਰ ਸਵਾਰ ਬਦਮਾਸ਼ਾਂ ਨੇ ਉਸ ਦੀ ਪਤਨੀ ਨੂੰ ਕਿਡਨੈੱਪ ਕਰ ਲਿਆ ਹੈ । ਜਿਸ ਦੇ ਬਾਅਦ ਮੌਕੇ ‘ਤੇ ਪੁਲਿਸ ਪਹੁੰਚ ਗਈ । ਜਿਸ ਤਰ੍ਹਾਂ ਪਤੀ ਆਪਣੀ ਪਤਨੀ ਦੀ ਕਹਾਣੀ ਸੁਣਾ ਰਿਹਾ ਸੀ ਪੁਲਿਸ ਨੂੰ ਉਸ
‘ਤੇ ਸ਼ੱਕ ਹੋਣ ਲੱਗਾ। ਜਦੋਂ ਪੁਲਿਸ ਨੇ ਥੋੜ੍ਹੀ ਸਖਤੀ ਕੀਤੀ ਤਾਂ ਤੋਤੇ ਵਾਂਗ ਉਸ ਨੇ ਸਾਰਾ ਕੁਝ ਉਗਲ ਦਿੱਤਾ । ਉਸ ਨੇ ਦੱਸਿਆ ਕਿ ਆਖਿਰ ਕਿਉਂ ਉਸ ਨੇ ਪਤਨੀ ਦਾ ਕਤਲ ਕੀਤਾ ਅਤੇ ਮ੍ਰਿਤਕ ਪਤਨੀ ਅਜੈਪਾਲ ਕੌਰ ਦੀ ਲਾਸ਼ ਕਿੱਥੇ ਸੁੱਟੀ। ਮੁਲਜ਼ਮ ਦੀ ਪਤੀ ਦਾ ਨਾਂ ਜੈਯਦੇਵ ਜਾਟਵ ਦੱਸਿਆ ਜਾ ਰਿਹਾ ਹੈ ਅਤੇ ਉਹ ਪਿੰਡ ਟਿੱਬਾ ਦਾ ਰਹਿਣ ਵਾਲਾ ਸੀ। ਉਸ ਨੇ ਦੱਸਿਆ ਕਿ ਪਤਨੀ ਦਾ ਕਿਸੇ ਹੋਰ ਸ਼ਖ਼ਸ ਨਾਲ ਅਫੇਅਰ ਹੋਣ ਦਾ ਉਸ ਨੂੰ ਸ਼ੱਕ ਸੀ। ਜਿਸ ਦੀ ਵਜ੍ਹਾ ਕਰਕੇ ਉਸ ਨੇ ਪਤਨੀ ਦਾ ਕਤਲ ਕੀਤਾ ਹੈ। ਪਤੀ ਮੁਤਾਬਿਕ 3 ਸਾਲ ਪਹਿਲਾਂ ਹੀ ਦੋਵਾਂ ਦੀ ਲਵ ਮੈਰੀਜ ਹੋਈ ਸੀ । ਮੁਲਜ਼ਮ ਜੈਯਦੇਵ ਨੇ ਕਿਹਾ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਉਸ ਨੇ ਕਿਡਨੈਪਿੰਗ ਦੀ ਝੂਠੀ ਕਹਾਣੀ ਦੱਸੀ ਸੀ ।
ਪੁਲਿਸ ਨੂੰ ਇਸ ਤਰ੍ਹਾਂ ਝੂਠੀ ਕਹਾਣੀ ਦੱਸੀ
ਮੁਲਜ਼ਮ ਜੈਯਦੇਵ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਪਤਨੀ ਅਜੈਪਾਲ ਕੌਰ ਨਾਲ ਉਹ ਬਾਈਕ ‘ਤੇ ਹਿਮਾਚਲ ਵਿੱਚ ਮਾਤਾ ਚਿੰਤਪੂਰਣੀ ਮੰਦਰ ਦੇ ਦਰਸ਼ਨ ਕਰਨ ਜਾ ਰਿਹਾ ਸੀ । ਜਦੋਂ ਉਹ ਕੋਹਾੜਾ ਦੇ ਕੋਲ ਪਹੁੰਚੇ ਤਾਂ ਕੁਝ ਬਦਮਾਸ਼ਾਂ ਨੇ ਉਨ੍ਹਾਂ ਦਾ ਰਾਹ ਰੋਕਿਆ ਅਤੇ ਪਤਨੀ ਨੂੰ ਕਾਰ ਵਿੱਚ ਪਾਕੇ ਫਰਾਰ ਹੋ ਗਏ । ਜਿਸ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ । ਪੁਲਿਸ ਪੁੱਛ-ਗਿੱਛ ਵਿੱਚ ਜਦੋਂ ਜੈਯਦੇਵ ਆਪਣੇ ਵਾਰ-ਵਾਰ ਬਿਆਨ ਬਦਲ ਰਿਹਾ ਸੀ ਤਾਂ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ । ਫਿਰ ਖਾਕੀ ਦੀ ਸਖਤੀ ਦੇ ਸਾਹਮਣੇ ਉਸ ਨੇ ਆਪਣਾ ਜੁਰਮ ਕਬੂਲ ਲਿਆ ਅਤੇ ਲਾਸ਼ ਬਾਰੇ ਜਾਣਕਾਰੀ ਦਿੱਤੀ । ਪੁਲਿਸ ਨੇ ਮ੍ਰਿਤਕ ਅਜੈਪਾਲ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।