ਦ ਖਾਲਸ ਬਿਊਰੋ(ਗੁਲਜਿੰਦਰ ਕੋਰ ) : ਸ਼ਹੀਦਾਂ ਦੀ ਧਰਤੀ ਪੰਜਾਬ,
ਜਿਸ ਦੀ ਮਿੱਟੀ ਦਾ ਇੱਕ-ਇੱਕ ਕਿਣਕਾ ਸ਼ਹੀਦਾਂ ਦੇ ਖੂਨ ਨਾਲ ਭਿਜਿਆ ਹੋਇਆ ਹੈ ਤੇ ਜਿਸ ਦੀ ਆਬੋ ਹਵਾ ਵਿੱਚ ਬੀਰ ਰਸ ਘੁਲਿਆ ਹੋਇਆ ਹੈ ਤੇ ਇਸੇ ਧਰਤੀ ਤੇ ਪੈਦਾ ਹੋਇਆ ਸੀ ਉਹ ਬਹਾਦਰ ਸੂਰਮਾ,ਜਿਸ ਨੇ ਚੜਦੀ ਉਮਰੇ ਆਪਣੇ ਦੇਸ਼ ਲਈ ਕੁਰਬਾਨੀ ਦੇ ਦਿੱਤੀ।
ਅਸੀਂ ਗੱਲ ਕਰ ਰਹੇ ਹਾਂ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ, ਜਿਹੜੇ 1971 ਦੀ ਜੰਗ ਦੇ ਦੌਰਾਨ Pakistan Air force ਦੇ 6-6 ਜੈੱਟ ਜਹਾਜ਼ਾਂ ਨਾਲ ਇਕੱਲੇ ਭਿੜੇ ਤੇ ਸ੍ਰੀਨਗਰ ਏਅਰਬੇਸ ਨੂੰ ਬਚਾਉਣ ਵਿੱਚ ਕਾਮਯਾਬ ਹੋਏ। ਸੇਖੋਂ ਦੀ ਬਹਾਦਰੀ, ਉਸ ਦੇ ਹਵਾਈ ਜਹਾਜ਼ ਦੀ ਸ਼ਾਨਦਾਰ ਚਾਲਬਾਜ਼ੀ ਅਤੇ ਕਦੇ ਹਾਰ ਨਾ ਮੰਨਣ ਦਾ ਜਜ਼ਬਾ ਦੇਖ ਕੇ ਦੁਸ਼ਮਣ ਵੀ ਹੈਰਾਨ ਰਹਿ ਗਿਆ ਤੇ ਮਰਨ ਉਪਰੰਤ ਇਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ । ਉਹ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਅਫ਼ਸਰ ਹਨ ਜਿਨ੍ਹਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਨਿਰਮਲਜੀਤ ਸਿੰਘ ਸੇਖੋਂ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ 17 ਜੁਲਾਈ 1943 ਨੂੰ ਪਿੰਡ ਈਸੇਵਾਲ, ਲੁਧਿਆਣਾ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਪਿਤਾ ਐਮ.ਡਬਲਿਊ.ਓ. ਤਰਲੋਕ ਸਿੰਘ ਸੇਖੋਂ [5] ਅਤੇ ਉਹਨਾਂ ਦੀ ਮਾਤਾ ਹਰਬੰਸ ਕੌਰ ਸੀ। ਉਹ 4 ਜੂਨ 1967 ਨੂੰ ਪਾਇਲਟ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ।
ਦੇਸ਼ ਵਿੱਚ ਮਾਹੌਲ ਉਦੋਂ ਚਿੰਤਾਜਨਕ ਬਣ ਗਿਆ,ਜਦੋਂ 3 ਦਸੰਬਰ, 1971 ਨੂੰ ਭਾਰਤ-ਪਾਕਿਸਤਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ, ਮਹੱਤਵਪੂਰਨ ਰੱਖਿਆ ਸਥਾਪਨਾਵਾਂ ‘ਤੇ ਹਮਲਿਆਂ ਦਾ ਖ਼ਤਰਾ ਵਧ ਗਿਆ। ਸ੍ਰੀਨਗਰ ਏਅਰਬੇਸ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਸੀ ਤੇ ਇਸ ਤੇ ਹਮਲੇ ਦਾ ਪੂਰਾ ਖਦਸ਼ਾ ਸੀ ਜੋ ਸੱਚ ਵੀ ਸਾਬਤ ਹੋਇਆ। ਇਧਰੋਂ-ਉਧਰੋਂ ਹਾਰਨ ਤੋਂ ਬਾਅਦ 14 ਦਸੰਬਰ ਨੂੰ ਪਾਕਿਸਤਾਨੀ ਹਵਾਈ ਫੌਜ ਨੇ ਹਮਲਾ ਕਰ ਦਿੱਤਾ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਭਾਰਤੀ ਹਵਾਈ ਸੈਨਾ ਦਾ ਇੱਕ ਯੋਧਾ ਉਨ੍ਹਾਂ ਦੀ ਆਉ ਭਗਤ ਲਈ ਤਿਆਰ ਬੈਠਾ ਹੈ ਤੇ ਜਿਸ ਦੀ ਪਾਕਿਸਤਾਨ ਸੈਨਾ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ।
ਹਵਾਈ ਸੈਨਾ ਦੇ ਨੰਬਰ 18 ਸਕੁਐਡਰਨ (ਦ ਫਲਾਇੰਗ ਬੁਲੇਟਸ) ਦੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਸ਼੍ਰੀਨਗਰ ਏਅਰਬੇਸ ‘ਤੇ ਡਿਊਟੀ ‘ਤੇ ਸਨ। 14 ਦਸੰਬਰ ਨੂੰ, ਪਾਕਿਸਤਾਨੀ ਹਵਾਈ ਸੈਨਾ (ਪੀਏਐਫ) ਦੇ ਛੇ ਐਫ-86 ਸੇਬਰ ਜੈੱਟ ਭਾਰਤੀ ਸੀਮਾ ਵਿੱਚ ਦਾਖਲ ਹੋਏ। ਪੇਸ਼ਾਵਰ ਤੋਂ ਉਡਾਣ ਭਰਨ ਵਾਲੇ ਇਨ੍ਹਾਂ ਜਹਾਜ਼ਾਂ ਵਿਚੋਂ ਪਹਿਲੇ ਜਹਾਜ਼ ਨੇ ਜਿਵੇਂ ਹੀ ਹਮਲਾ ਸ਼ੁਰੂ ਕੀਤਾ, ਸੇਖੋਂ ਨੇ ਉਡਾਣ ਭਰਨ ਦੀ ਤਿਆਰੀ ਕਰ ਲਈ ।
ਸੋਖੋਂ ਵਾਲੀ ਟੀਮ ਦੀ ਕਮਾਂਡ ਫਲਾਇੰਗ ਲੈਫਟੀਨੈਂਟ ਘੁੰਮਣ ਨੇ ਕੀਤੀ। ਦੋਵਾਂ ਨੇ ਆਪੋ-ਆਪਣੇ ਜਹਾਜ਼ ਨੂੰ ਸੰਭਾਲਿਆ ਤੇ ਉਡਾਣ ਭਰੀ ਪਰ ਟੇਕਆਫ ਤੋਂ ਤੁਰੰਤ ਬਾਅਦ ਘੁੰਮਣ ਦੇ ਜਹਾਜ਼ ਵਿੱਚ ਕੁੱਝ ਤਕਨੀਕੀ ਖਰਾਬੀ ਆ ਗਈ ਤੇ ਹੁਣ ਸੇਖੋਂ ਇਕੱਲੇ ਹੀ ਰਹਿ ਗਏ ਪਰ ਉਹਨਾਂ ਹਾਰ ਨਹਾਂ ਮੰਨੀ ਤੇ ਪੀਏਐਫ ਦੇ ਛੇ-ਛੇ ਜਹਾਜ਼ਾਂ ਦਾ ਸਾਹਮਣਾ ਕਰਨ ਦਾ ਫੈਸਲਾ ਲੈ ਲਿਆ । ਸੇਖੋਂ ਨੇ ਸਭ ਤੋਂ ਪਹਿਲਾਂ ਦੁਸ਼ਮਣ ਦੇ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਦੂਜੇ ਨੂੰ ਵੀ ਅੱਗ ਦੇ ਹਵਾਲੇ ਕਰ ਪਾਕਿਸਤਾਨ ਦੇ ਮਨਸੂਬਿਆਂ ਨੂੰ ਇਕੱਲਿਆਂ ਹੀ ਨਾਕਾਮ ਕਰ ਦਿੱਤਾ।
ਉਦੋਂ ਤੱਕ ਬਾਕੀ ਪਾਕਿਸਤਾਨੀ ਜੈੱਟ ਵੀ ਆਪਣੇ ਸਾਥੀਆਂ ਦੀ ਮਦਦ ਲਈ ਆ ਚੁੱਕੇ ਸਨ। ਹੁਣ ਇੱਕ ਦਾ ਮੁਕਾਬਲਾ ਚਾਰ ਨਾਲ ਹੋਣਾ ਸੀ।ਘਿਰੇ ਹੋਣ ਦੇ ਬਾਵਜੂਦ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੇ ਚਾਰਾਂ ਨੂੰ ਉਲਝਾਈ ਰੱਖਿਆ । ਉਹਨਾਂ ਵਲੋਂ ਸੇਖੋਂ ਦੇ ਜਹਾਜ਼ ਨੂੰ ਬਾਰ-ਬਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਕਾਮਯਾਬ ਨਹੀਂ ਸੀ ਹੋ ਰਹੇ ।
ਇੱਕ ਵਾਰ ਅਚਾਨਕ ਸੇਖੋਂ ਦਾ ਜਹਾਜ ਨਿਸ਼ਾਨਾ ਬਣ ਗਿਆ ਤਾਂ ਸਕੁਐਡਰਨ ਲੀਡਰ ਵਰਿੰਦਰ ਸਿੰਘ ਪਠਾਨੀਆ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੰਭਾਲਦੇ ਹੋਏ ਸੋਖੋਂ ਨੂੰ ਬੇਸ ‘ਤੇ ਵਾਪਸ ਜਾਣ ਦੀ ਸਲਾਹ ਦਿੱਤੀ ਪਰ ਸੇਖੋਂ ਦੁਸ਼ਮਣ ਸਾਹਮਣੇ ਡੱਟੇ ਰਹੇ। ਆਖਰਕਾਰ ਉਹਨਾਂ ਦਾ ਜਹਾਜ ਕਰੈਸ਼ ਹੋ ਗਿਆ। ਇਹ ਦੇਖ ਕੇ ਪਾਕਿਸਤਾਨੀ ਜਹਾਜ਼ ਵਾਪਸ ਪਰਤ ਗਏ। ਸੇਖੋਂ ਨੇ ਆਖਰੀ ਸਮੇਂ ‘ਤੇ ਹਵਾਈ ਜਹਾਜ਼ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜੋ ਸਫਲ ਨਹੀਂ ਹੋ ਸਕੀ ਤੇ ਬਾਅਦ ਵਿੱਚ ਜਹਾਜ਼ ਦਾ ਮਲਬਾ ਤਾਂ ਇੱਕ ਟੋਏ ‘ਚੋਂ ਮਿਲ ਗਿਆ ਪਰ ਸੇਖੋਂ ਦੀ ਲਾਸ਼ ਬਾਰੇ ਕੁਝ ਨਹੀਂ ਪਤਾ ਲਗ ਸਕਿਆ ।
ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੇ ਉਸ ਦਿਨ ਅਸਮਾਨ ਵਿੱਚ ਜੋ ਜਾਦੂ ਦਿਖਾਇਆ, ਉਸ ਤੋਂ ਪਾਕਿਸਤਾਨੀ ਏਅਰਫੋਰਸ ਵੀ ਹੈਰਾਨ ਰਹਿ ਗਈ। ਵਿੰਗ ਕਮਾਂਡਰ ਸਲੀਮ ਬੇਗ ਮਿਰਜ਼ਾ ਨੇ ਜੰਗ ਦੇ ਆਪਣੇ ਤਜ਼ਰਬਿਆਂ ਵਿੱਚ ਸਿੱਖਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ। ਮਿਰਜ਼ਾ ਨੇ ਇਕ ਲੇਖ ਵਿਚ ਉਸ ਯੁੱਧ ਦਾ ਪੂਰਾ ਵੇਰਵਾ ਦਿੱਤਾ ਹੈ।
ਇਹ ਸੀ ਪੰਜਾਬ ਦੇ ਉਸ ਯੋਧੇ ਦੀ ਗਾਥਾ ,ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪਰ ਜਿਹਨਾਂ ਦੀ ਬਹਾਦਰੀ ਕਰਕੇ ਸ਼੍ਰੀਨਗਰ ਏਅਰਬੋਸ 1971 ਦੀ ਜੰਗ ਵੇਲੇ ਤਬਾਹ ਹੋਣ ਤੋਂ ਬਚਿਆ ਸੀ।