ਲੁਧਿਆਣਾ : ਪੀ.ਏ.ਯੂ. ਦੇ ਖੁਰਾਕ ਵਿਗਿਆਨੀਆਂ ਨੇ ਇੱਕ ਪ੍ਰਯੋਗ ਵਿੱਚ ਲੱਭਿਆ ਕਿ ਗੰਨੇ ਦੇ ਰਸ ਵਿੱਚ ਉੱਚ ਕਾਰਬੋਹਾਈਡਰੇਟ ਸਮੱਗਰੀ ਅਤੇ ਲੈਕਟੋਜ-ਰਹਿਤ ਤੱਤਾਂ ਦੇ ਕਾਰਨ ਪੈਕ ਕੀਤੇ ਰੂਪ ਵਿੱਚ ਵਰਤਣ ਲਈ ਤਿਆਰ ਖੀਰ ਬਣਾਉਣ ਲਈ ਇੱਕ ਵਧੀਆ ਵਿਕਲਪ ਵਜੋਂ ਪ੍ਰਚਾਰਿਆ ਜਾ ਸਕਦਾ ਹੈ, ਜਿਸਦਾ ਸੇਵਨ ਲੈਕਟੋਜ-ਅਸਹਿਣਸੀਲ ਲੋਕਾਂ ਵੱਲੋਂ ਕੀਤਾ ਜਾ ਸਕਦਾ ਹੈ।
ਲੋਕਾਂ ਦੀਆਂ ਬਦਲਦੀਆਂ ਖੁਰਾਕ ਦੀਆਂ ਆਦਤਾਂ ਖਾਸ ਕਰਕੇ ਮਹਾਨਗਰ ਖੇਤਰਾਂ ਵਿੱਚ ਜੀਵਨਸੈਲੀ ਨੇ ਸੌਖੇ ਭੋਜਨ, ਖਾਣ ਲਈ ਤਿਆਰ ਭੋਜਨ ਅਤੇ ਤੁਰੰਤ ਭੋਜਨ ਦੀ ਜਰੂਰਤ ਨੂੰ ਉਤਸਾਹਿਤ ਕੀਤਾ ਹੈ। ਲੈਕਟੋਜ਼ ਇੱਕ ਦੁੱਧ ਦੀ ਸ਼ੂਗਰ ਹੈ, ਜੋ ਸੰਵੇਦਨਸੀਲ ਵਿਅਕਤੀਆਂ ਵਿੱਚ ਲੈਕਟੋਜ ਅਸਹਿਣਸੀਲਤਾ ਵਧਾ ਸਕਦੀ ਹੈ। ਲੈਕਟੋਜ-ਅਸਹਿਣਸੀਲਤਾ ਤੋਂ ਪੀੜਤ ਲੋਕ ਗੈਰ-ਡੇਅਰੀ ਵਿਕਲਪਾਂ ਦੀ ਭਾਲ ਕਰ ਰਹੇ ਹਨ।
ਇਸ ਬਾਰੇ ਹੋਰ ਗੱਲ ਕਰਦਿਆਂ ਪੀ.ਏ.ਯੂ. ਦੇ ਭੋਜਨ ਤਕਨਾਲੋਜਿਸਟ ਅਤੇ ਗੰਨੇ ਦੀ ਰਸ ਦੀ ਖੀਰ ਦੇ ਖੋਜਕਰਤਾ ਡਾ. ਪੂਨਮ ਅਗਰਵਾਲ ਨੇ ਕਿਹਾ ਕਿ ਇਹ ਖੀਰ ਬਹੁਤ ਜ਼ਿਆਦਾ ਪੌਸ਼ਟਿਕ ਹੈ, ਇਸ ਵਿੱਚ ਕਾਰਬੋਹਾਈਡਰੇਟ ਅਮੀਨੋ ਐਸਿਡ, ਖਣਿਜ ਜਿਵੇਂ ਕਿ ਆਇਰਨ, ਵਿਟਾਮਿਨ ਏ ਵਰਗੇ ਮਹੱਤਵਪੂਰਨ ਤੱਤ ਜ਼ਰੂਰੀ ਮਾਤਰਾ ਵਿੱਚ ਹੁੰਦੇ ਹਨ। ਇਸ ਨੂੰ ਦੁੱਧ ਦੇ ਬਦਲ ਵਜੋਂ ਵਰਤਣ ਨਾਲ ਦੁੱਧ ਤੋਂ ਬਣੀ ਖੀਰ ਨਾਲੋਂ ਬਿਹਤਰ ਰਖ-ਰਖਾਵ ਦੀ ਸੰਭਾਵਨਾ ਹੁੰਦੀ ਹੈ ਜੋ ਸਿਰਫ 2 ਤੋਂ 3 ਦਿਨ ਰਹਿੰਦੀ ਹੈ।
ਭੋਜਨ ਮਾਹਿਰ ਅਤੇ ਸਹਿਯੋਗੀ ਖੋਜ ਕਰਤਾ ਡਾ. ਸੁਖਪ੍ਰੀਤ ਕੌਰ ਨੇ ਪ੍ਰਯੋਗ ਤੋਂ ਪਹਿਲਾਂ ਉਹਨਾਂ ਦੇ ਭੌਤਿਕ-ਰਸਾਇਣਕ ਅਤੇ ਫਾਇਟੋਕੈਮੀਕਲ ਵਿਸੇਸਤਾਵਾਂ ਦੀ ਜਾਂਚ ਕਰਨ ਲਈ ਕੱਚੇ ਮਾਲ ਦੀ ਖਰੀਦ ਬਾਰੇ ਵੇਰਵੇ ਦਿੱਤੇ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਗੰਨਾ ਕਿਸਮ ਸੀ ਓ ਪੀ ਬੀ-91 ਨੂੰ ਪੀ.ਏ.ਯੂ. ਖੇਤਰੀ ਖੋਜ ਸਟੇਸਨ, ਕਪੂਰਥਲਾ ਤੋਂ ਪ੍ਰਾਪਤ ਕੀਤਾ ਗਿਆ ਸੀ। ਬਾਸਮਤੀ ਚੌਲ ਅਤੇ ਹੋਰ ਸਮੱਗਰੀ ਜਿਵੇਂ ਕਿ ਨਾਰੀਅਲ ਅਤੇ ਇਲਾਇਚੀ ਸਥਾਨਕ ਬਾਜਾਰ ਤੋਂ ਖਰੀਦੀ ਗਈ ਸੀ। ਖੀਰ ਲਈ ਪੀ.ਏ.ਯੂ. ਦੇ ਝੋਨੇ ਦੀ ਕਿਸਮ ਪੀ ਆਰ-128 ਦੀ ਵਰਤੋਂ ਹੋਈ ।
ਗੰਨੇ ਦੇ ਰਸ ਦੀ ਖੀਰ ਦੀ ਬਨਾਉਣ ਵਿਧੀ ਨੂੰ ਮਿਆਰੀ ਬਣਾਉਣ ਲਈ ਵੱਖ-ਵੱਖ ਪ੍ਰਯੋਗਾਂ ਵਿੱਚ ਕੋਸ਼ਿਸ਼ ਕੀਤੀ ਗਈ। ਖੀਰ ਨੂੰ ਕ੍ਰਮਵਾਰ 1:2, 1:4, 1:5, 1:6 ਅਤੇ 1:7 ਵਿੱਚ ਚੌਲਾਂ ਅਤੇ ਗੰਨੇ ਦੇ ਰਸ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਸੀ। ਡਾ: ਸੁਖਪ੍ਰੀਤ ਕੌਰ ਨੇ ਦੱਸਿਆ ਕਿ ਮੁੱਢਲੇ ਪ੍ਰਯੋਗਾਂ ਸੰਵੇਦੀ ਅਜਮਾਇਸਾਂ ਦੇ ਆਧਾਰ ’ਤੇ, ਚੌਲਾਂ ਦੇ 1 ਹਿੱਸੇ ਅਤੇ ਗੰਨੇ ਦੇ ਜੂਸ ਦੇ 7 ਹਿੱਸੇ ਨਾਲ ਤਿਆਰ ਕੀਤੀ ਖੀਰ ਨੂੰ ਸਭ ਤੋਂ ਵਧੀਆ ਚੁਣਿਆ ਗਿਆ ਅਤੇ ਅੱਗੇ ਭੰਡਾਰਨ ਅਧਿਐਨ ਲਈ ਵਰਤਿਆ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਪੂਨਮ ਅਗਰਵਾਲ ਨੇ ਦੱਸਿਆ ਕਿ ਗੰਦਗੀ ਅਤੇ ਸੂਖਮ ਜੀਵਾਣੂਆਂ ਨੂੰ ਦੂਰ ਕਰਨ ਲਈ ਗੰਨੇ ਦੇ ਰਸ ਨੂੰ ਮਸੀਨ ਨਾਲ ਧੋਣ ਤੋਂ ਬਾਅਦ ਕੱਢਿਆ ਜਾਂਦਾ ਹੈ ਅਤੇ ਅੱਗੇ ਵਰਤੋਂ ਲਈ ਫਰਿੱਜ (4-7 ਡਿਗਰੀ ਸੈਂਟੀਗ੍ਰੇਂਡ) ਵਿੱਚ ਸਟੋਰ ਕੀਤਾ ਜਾਂਦਾ ਹੈ। ਬਾਸਮਤੀ ਚੌਲਾਂ ਦੀ ਕਣੀ (250 ਗ੍ਰਾਮ) ਨੂੰ ਪਕਾਉਣ ਦਾ ਸਮਾਂ ਘਟਾਉਣ ਲਈ ਕਮਰੇ ਦੇ ਤਾਪਮਾਨ ’ਤੇ ਰਾਤ ਭਰ ਭਿਉਂ ਕੇ ਰੱਖ ਦਿੱਤਾ ਜਾਂਦਾ ਸੀ। ਚੌਲਾਂ ਨੂੰ 10 ਮਿੰਟਾਂ ਲਈ ਪ੍ਰੈਸਰ-ਪਕਾਉਣ ਤੋਂ ਬਾਅਦ ਗੰਨੇ ਦਾ ਰਸ (1750 ਮਿ.ਲੀ.) ਮਿਲਾ ਕੇ 15 ਤੋਂ 20 ਮਿੰਟ ਤੱਕ ਪਕਾਇਆ ਜਾਂਦਾ ਹੈ। ਸੁਆਦ ਲਈ ਪੀਸਿਆ ਨਾਰੀਅਲ (50 ਗ੍ਰਾਮ) ਅਤੇ ਇਲਾਇਚੀ (1 ਗ੍ਰਾਮ) ਨੂੰ ਸਾਮਲ ਕੀਤ ਗਿਆ। ਤਿਆਰ ਖੀਰ ਨੂੰ ਕੱਪਾਂ ਵਿੱਚ ਪੈਕ ਕਰਕੇ ਫਰਿੱਜ ਵਿੱਚ ਸਟੋਰ ਕੀਤਾ ਜਾਂਦਾ ਹੈ। ਦੂਰ ਲਿਜਾਣ ਅਤੇ ਲੰਮਾਂ ਸਮਾਂ ਵਰਤੋਂ ਲਈ ਖੀਰ ਨੂੰ ਥਰਮਲ ਤੌਰ ’ਤੇ ਪ੍ਰੋਸੈਸ ਕੀਤਾ ਜਾਂਦਾ ਸੀ ਅਤੇ ਸੀਲਬੰਦ ਡੱਬਿਆਂ ਵਿੱਚ ਪੈਕ ਕੀਤਾ ਜਾਂਦਾ ਸੀ।
ਨਤੀਜਿਆਂ ਦਾ ਖੁਲਾਸਾ ਕਰਦੇ ਹੋਏ, ਡਾ. ਅਗਰਵਾਲ ਨੇ ਕਿਹਾ ਕਿ ਆਇਰਨ ਅਤੇ ਫਾਈਟੋਨਿਊਟ੍ਰੀਐਂਟਸ ਨਾਲ ਭਰਪੂਰ ਵਰਤੇ ਜਾਣ ਯੋਗ ਇਹ ਉਤਪਾਦ, 20 ਦਿਨਾਂ ਤੱਕ (ਬਿਨਾਂ ਕਿਸੇ ਰਸਾਇਣਕ ਪ੍ਰੈਜਰਵੇਟਿਵ) ਅਤੇ ਫਰਿੱਜ ਦੀਆਂ ਸਥਿਤੀਆਂ ਵਿੱਚ 2 ਮਹੀਨਿਆਂ ਤੱਕ (ਰਸਾਇਣਕ ਸੰਭਾਲ ਦੇ ਨਾਲ) ਕੱਪ ਵਿੱਚ ਸੰਭਾਲਿਆ ਰਹਿ ਸਕਦਾ ਹੈ। ਥਰਮਲੀ ਪ੍ਰੋਸੈਸਡ ਡੱਬਾਬੰਦ ਖੀਰ ਨੂੰ ਕਮਰੇ ਦੇ ਤਾਪਮਾਨ ’ਤੇ 12 ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ। ਲੈਕਟੋਜ-ਮੁਕਤ ਹੋਣਾ ਇਸ ਉਤਪਾਦ ਨੂੰ ਲੈਕਟੋਜ਼-ਅਸਹਿਣਸੀਲ ਲੋਕਾਂ ਲਈ ਬੇਹੱਦ ਲਾਭਕਾਰੀ ਮਠਿਆਈ ਬਣਾਉਂਦਾ ਹੈ