ਚੰਡੀਗੜ੍ਹ : ਫਸਲਾਂ ਵਿੱਚ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ ਕਿਸਾਨ ਯੂਰੀਆ ਦੀ ਵਰਤੋਂ ਕਰਦੇ ਹਨ। ਇਸਦੀ ਪੂਰਤੀ ਲਈ ਭਾਰਤ ਨੂੰ ਵਿਦੇਸ਼ਾਂ ਤੇ ਨਿਰਭਰ ਰਹਿਣਾ ਪੈਂਦਾ ਹੈ। ਜਿਸ ਕਾਰਨ ਭਾਅ ਵੱਧਣ ਅਤੇ ਕਿੱਲਤ ਹੋਣ ਕਾਰਨ ਕਿਸਾਨਾਂ ਨੂੰ ਧਰਨੇ ਲਾਉਣੇ ਪੈਂਦੇ ਹਨ। ਪਰ ਖੁਸ਼ੀ ਦੀ ਗੱਲ ਹੈ ਕਿ ਹੁਣ ਇਸ ਵੱਡੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਬਾਜਾਰ ਵਿੱਚ ਦਾਣੇਦਾਰ ਯੂਰੀਆ ਦਾ ਬਦਲ ਨੈਨੋ ਤਰਲ ਯੂਰੀਆ (Nano Urea ) ਆ ਚੁੱਕਾ ਹੈ। ਇਸ ਨਾਲ ਜਿੱਥੇ ਕਿਸਾਨ ਨੂੰ ਫਾਇਦਾ ਹੋਵੇਗਾ, ਉੱਥੇ ਹੀ ਸਰਕਾਰ ਨੂੰ ਭਾਰੀ ਬੱਚਤ ਹੋਵੇਗੀ।
ਜੀ ਹਾਂ ਦਾਣੇਦਾਰ ਚਿੱਟੇ ਯੂਰੀਆ ਦੇ ਬਦਲ ਵਜੋਂ ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਿਟੇਡ (IFFCO) ਨੇ ਨੈਨੋ ਤਰਲ ਯੂਰੀਆ ਦੀ ਖੋਜ ਕੀਤੀ ਹੈ। ਇਸ ਬਾਰੇ ਪੰਜਾਬ ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਹਰਮੇਲ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਨੈਨੋ ਯੂਰੀਆ ਇਫਕੋ ਦਾ ਪੈਟੇਂਟ ਅਤੇ ਸਰਕਾਰ ਤੋਂ ਮਨਜ਼ੂਰਸ਼ੁਦਾ ਉਤਪਾਦ ਹੈ। ਇਹ ਦਾਣੇਦਾਰਾ ਯੂਰੀਆ ਦੇ ਮੁਕਾਬਲੇ ਸਸਤਾ ਅਤੇ ਫਸਲਾਂ ਦੀ ਗੁਣਵੱਤਾ ਵਧਾਉਣ ਲਈ ਵਧੇਰੇ ਲਾਹੇਵੰਦ ਹੈ। ਇੰਨਾ ਹੀ ਨਹੀਂ ਇਸ ਦੀ ਵਰਤੋਂ ਨਾਲ ਮਿੱਟੀ ਦਾ ਪ੍ਰਦੂਸ਼ਣ ਪੱਧਰ ਵੀ ਕਾਫੀ ਹੱਦ ਤੱਕ ਘੱਟ ਜਾਂਦਾ ਹੈ।
ਫਸਲਾਂ ਲਈ ਲਾਹੇਵੰਦ
ਹਰਮੇਲ ਸਿੱਧੂ ਨੇ ਦੱਸਿਆ ਕਿ ਨੈਨੋ ਯੂਰੀਆ ਲਿਕਵਿਡ ਦੀ ਅੱਧਾ ਲੀਟਰ ਦੀ ਬੋਤਲ ਵਿੱਚ 40,000 ਪੀਪੀਐਮ ਨਾਈਟ੍ਰੋਜਨ ਹੁੰਦਾ ਹੈ। ਨਾਈਟ੍ਰੋਜਨ ਦੀ ਇਹ ਮਾਤਰਾ ਸਾਧਾਰਨ ਯੂਰੀਆ ਦੇ 45 ਕਿਲੋਗ੍ਰਾਮ ਬੈਗ ਦੇ ਬਰਾਬਰ ਹੈ। ਯੂਰੀਆ ਦੇ ਇੱਕ ਥੈਲੇ ਵਿੱਚ 46 ਪ੍ਰਤੀਸ਼ਤ ਨਾਈਟ੍ਰੋਜਨ ਹੁੰਦਾ ਹੈ। ਪਰ ਯੂਰੀਆ ਦਾ ਛਿੜਕਾਅ ਕਰਨ ਨਾਲ ਪੌਦਿਆਂ ਨੂੰ ਨਾਈਟ੍ਰੋਜਨ ਦੀ ਪੂਰੀ ਮਾਤਰਾ ਨਹੀਂ ਮਿਲਦੀ। ਕਿਸਾਨ ਪੌਦਿਆਂ ਦੇ ਵਾਧੇ ਲਈ ਵੱਡੀ ਮਾਤਰਾ ਵਿੱਚ ਯੂਰੀਆ ਦੀ ਵਰਤੋਂ ਕਰਦੇ ਹਨ। ਇਸ ਨਾਲ ਨਾ ਸਿਰਫ ਫਸਲ ਦੀ ਲਾਗਤ ਵਧਦੀ ਹੈ ਸਗੋਂ ਵਾਤਾਵਰਣ ਨੂੰ ਵੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇੱਕ ਏਕੜ ਖੇਤ ਵਿੱਚ 150 ਲੀਟਰ ਪਾਣੀ ਵਿੱਚ ਇੱਕ ਬੋਤਲ ਨੈਨੋ ਯੂਰੀਆ ਦਾ ਘੋਲ ਵਰਤਿਆ ਜਾਂਦਾ ਹੈ। ਯੂਰੀਆ ਘੋਲ ਦੇ ਰੂਪ ਵਿੱਚ ਦੇਣ ਨਾਲ ਪੌਦਿਆਂ ਨੂੰ ਨਾਈਟ੍ਰੋਜਨ ਦੀ ਪੂਰੀ ਮਾਤਰਾ ਮਿਲਦੀ ਹੈ। ਨੈਨੋ ਯੂਰੀਆ 50 ਪ੍ਰਤੀਸ਼ਤ ਤੱਕ ਦਾਣੇਦਾਰ ਯੂਰੀਆ ਦੀ ਥਾਂ ਲੈ ਸਕਦਾ ਹੈ। ਨੈਨੋ ਯੂਰੀਆ ਦਾ ਦੋ ਵਾਰ ਛਿੜਕਾਅ ਕਰਨ ਦੇ ਨਾਲ-ਨਾਲ 50 ਪ੍ਰਤੀਸ਼ਤ ਦਾਣੇਦਾਰ ਯੂਰੀਆ ਦੀ ਵਰਤੋਂ ਕਰਨ ਨਾਲ ਚੰਗੀ ਫ਼ਸਲ ਪੈਦਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨੈਨੋ ਯੂਰੀਆ ਦੀ ਪਰਖ ਦੌਰਾਨ ਫਸਲਾਂ ਵਿੱਚ 8 ਤੋਂ 25 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇੰਨਾ ਹੀ ਨਹੀਂ ਚਿੱਟੇ ਯੂਰੀਆ ਦੇ ਮਕਾਬਲੇ ਇਸਦੀ ਵਰਤੋਂ ਨਾਲ ਖੇਤ ਵਿੱਚ ਨਦੀਨ ਅਤੇ ਕੀੜੇ ਮਕੌੜੇ ਵੀ ਘੱਟ ਹੁੰਦੇ ਹਨ।
ਕਿਸਾਨ ਦੀ ਬੱਚਤ
ਨੈਨੋ ਯੂਰੀਆ ਦੀ ਅੱਧਾ ਲਿਟਰ ਦੀ ਬੋਤਲ ਦੀ ਕੀਮਤ 225 ਰੁਪਏ (ਨੈਨੋ ਯੂਰੀਆ ਦੀ ਕੀਮਤ) ਹੈ। ਇਹ ਇੱਕ ਏਕੜ ਖੇਤ ਲਈ ਕਾਫੀ ਹੈ। ਜਦੋਂ ਕਿ ਯੂਰੀਆ ਦੀ ਇੱਕ ਬੋਰੀ ਦੀ ਮੌਜੂਦਾ ਕੀਮਤ 266.50 ਰੁਪਏ ਹੈ ਅਤੇ ਬਹੁਤੇ ਕਿਸਾਨ ਇੱਕ ਏਕੜ ਖੇਤ ਵਿੱਚ ਇੱਕ ਤੋਂ ਵੱਧ ਯੂਰੀਆ ਦੇ ਥੈਲੇ ਦੀ ਵਰਤੋਂ ਕਰਦੇ ਹਨ। ਨੈਨੋ ਯੂਰੀਆ ਦੀ ਵਰਤੋਂ ਨਾਲ ਕਿਸਾਨ ਨੂੰ ਨਾ ਸਿਰਫ਼ ਪੈਸੇ ਦੀ ਬੱਚਤ ਹੋਵੇਗੀ, ਸਗੋਂ ਵੱਧ ਝਾੜ ਵੀ ਮਿਲੇਗਾ ਅਤੇ ਵਾਤਾਵਰਨ ਵੀ ਸੁਰੱਖਿਅਤ ਰਹੇਗਾ।
ਸਾਰੀਆਂ ਫਸਲਾਂ ਲਈ ਫਾਇਦੇਮੰਦ
ਨੈਨੋ ਯੂਰੀਆ ਦੀ ਵਰਤੋਂ ਸਾਰੀਆਂ ਫ਼ਸਲਾਂ ‘ਤੇ ਕੀਤੀ ਜਾ ਸਕਦੀ ਹੈ। ਫਸਲਾਂ ਦੇ ਪੱਤਿਆਂ ਵਿੱਚ ਸਟੋਮਾਟਾ ਖੁੱਲ੍ਹਾ ਰਹਿੰਦਾ ਹੈ, ਜੋ ਨੈਨੋ ਯੂਰੀਆ ਕਣਾਂ ਨੂੰ ਸੋਖ ਲੈਂਦਾ ਹੈ। ਇਹ ਕਣ ਪੱਤਿਆਂ ਰਾਹੀਂ ਪੌਦੇ ਦੇ ਦੂਜੇ ਹਿੱਸਿਆਂ ਤੱਕ ਪਹੁੰਚਦੇ ਹਨ। ਇਫਕੋ ਨੇ ਇਸ ਤਰਲ ਖਾਦ ਨੂੰ ਦੇਸ਼ ਦੇ 20 ਖੋਜ ਕੇਂਦਰਾਂ ਅਤੇ 11 ਹਜ਼ਾਰ ਕਿਸਾਨਾਂ ਦੇ ਖੇਤਾਂ ਵਿੱਚ ਤਕਨੀਕੀ ਜਾਂਚ ਤੋਂ ਬਾਅਦ ਕਿਸਾਨਾਂ ਲਈ ਲਾਂਚ ਕੀਤਾ ਹੈ।
ਇੱਕ ਝੋਲੇ ‘ਚ ਜਾਊ 20 ਕਿੱਲਿਆਂ ਦਾ ਯੂਰੀਆ
20 ਏਕੜ ਦੀ ਨੈਨੋ ਤਰਲ ਯੂਰੀਆ ਇੱਕ ਝੋਲੇ ਵਿੱਚ ਲੈ ਜਾ ਸਕਦੇ ਹੋ। ਜਦਕਿ 20 ਏਕੜ ਦੇ ਚਿੱਟੇ ਦਾਣੇਦਾਰ ਯੂਰੀਆ ਨੂੰ ਖੇਤਾਂ ਵਿੱਚ ਲੈ ਕੇ ਜਾਣ ਲਈ ਸਾਧਨ ਦੀ ਲੋੜ ਹੋਵੇਗੀ। ਇਸ ਤਰ੍ਹਾਂ ਸਰਕਾਰ ਨੂੰ ਇਸਨੂੰ ਵਿਕਰੀ ਕੇਂਦਰਾਂ ਤੱਕ ਪਹੁੰਚਾਉਣ ਲਈ ਢੋਹਾ-ਢੁਆਈ ਲਈ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ ਹਨ। ਨੈਨੋ ਤਰਲ ਯੂਰੀਆ ਵਿੱਚ ਇਸਦੀ ਵੀ ਭਾਰੀ ਬੱਚਤ ਹੋਵੇਗੀ। ਜ਼ਾਹਿਰ ਹੈ ਕਿ ਰਵਾਇਤੀ ਖੇਤੀ ਦੌਰਾਨ ਯੂਰੀਆ ਵੱਡੀਆਂ ਬੋਰੀਆਂ ਵਿੱਚ ਭਰ ਕੇ ਆਉਂਦੀ ਸੀ। ਇਸ ਨੂੰ ਖੇਤਾਂ ਤੱਕ ਪਹੁੰਚਾਉਣ ਅਤੇ ਸਪਰੇਅ ਕਰਨ ਲਈ ਕਿਸਾਨਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਪਰ ਅੱਜ ਨੈਨੋ ਤਕਨੀਕ ਦੇ ਯੁੱਗ ਵਿੱਚ ਕਿਸਾਨਾਂ ਨੂੰ ਯੂਰੀਆ ਦੀ ਇੱਕ ਬੋਰੀ ਵਿੱਚੋਂ ਸਿਰਫ਼ ਇੱਕ ਬੋਤਲ ਹੀ ਮਿਲਦੀ ਹੈ।
ਜਲਦ ਹੀ ਆਵੇਗੀ ਨੈਨੋ DAP
ਯੂਰੀਆ ਤੋਂ ਬਾਅਦ ਡੀਏਪੀ ਸਭ ਤੋਂ ਵੱਧ ਵਰਤੀ ਜਾਂਦੀ ਹੈ। ਡੀਏਪੀ ਭਾਵ ਡੀ-ਅਮੋਨੀਅਮ ਫਾਸਫੇਟ ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਫਾਸਫੋਰਸ ਖਾਦ ਹੈ। ਇਹ ਖਾਦ ਨਾਈਟ੍ਰੋਜਨ (ਐਨ) ਅਤੇ ਫਾਸਫੋਰਸ (ਪੀ) ਦੇ ਭਾਗਾਂ ਨੂੰ ਮਿਲਾ ਕੇ ਬਣਾਈ ਜਾਂਦੀ ਹੈ। ਪੌਦਿਆਂ ਦੀਆਂ ਜੜ੍ਹਾਂ ਦੇ ਵਾਧੇ ਲਈ ਡੀ.ਏ.ਪੀ. ਜੀ ਜ਼ਰੂਰਤ ਹੁੰਦੀ ਹੈ। ਇਫਕੋ ਨੈਨੋ ਡੀ.ਏ.ਪੀ. ਇਸ ਦੇ ਟਰਾਇਲ ਦੇਸ਼ ਭਰ ਵਿੱਚ ਕੀਤੇ ਜਾ ਰਹੇ ਹਨ। ਨੈਨੋ ਡੀਏਪੀ ਦਸੰਬਰ ਦੇ ਅੰਤ ਤੱਕ ਕਿਸਾਨਾਂ ਨੂੰ ਵਿਕਰੀ ਲਈ ਉਪਲਬਧ ਹੋਵੇਗੀ।
ਸਰਕਾਰ ਨੂੰ ਭਾਰੀ ਬੱਚਤ
ਚਿੱਟਾ ਦਾਣੇਦਾਰ ਯੂਰੀਆ ਵਿਦੇਸ਼ਾਂ ਤੋਂ ਦਰਾਮਦ ਕੀਤਾ ਜਾਂਦਾ ਹੈ। ਇਸ ਲਈ ਇਸਦੇ ਰੇਟ ਵੱਧਣ ਜਾਂ ਵਿਦੇਸ਼ਾਂ ਵਿੱਚ ਇਸਦੀ ਕਿੱਲਤ ਹੋਣ ਕਾਰਨ ਸਰਕਾਰ ਲਈ ਵੱਡੀ ਮੁਸ਼ਕਲ ਬਣ ਜਾਂਦੀ ਹੈ। ਨੈਨੋ ਤਰਲ ਯੂਰੀਆ ਸਰਕਾਰ ਦੇ ਆਮਤ ਨਿਰਭਰ ਭਾਰਤ ਅਤੇ ਆਤਮ ਨਿਰਭਰ ਖੇਤੀ ਦੀ ਮਿਸ਼ਨ ਨੂੰ ਪੂਰਾ ਕਰਦੀ ਹੈ। ਇਸਦੇ ਉਤਪਾਦਨ ਲਈ ਸਰਕਾਰ ਨੂੰ ਵਿਦੇਸ਼ਾਂ ਉੱਤੇ ਨਿਰਭਰ ਨਹੀਂ ਹੋਣ ਪਵੇਗਾ। ਇਸ ਤੋਂ ਵੱਡੀ ਗੱਲ ਇਹ ਹੈ ਕਿ ਦਾਣੇਦਾਰ ਯੂਰੀਆ ਦੀ ਇੱਕ ਥੈਲੀ ਦੀ ਕੀਮਤ 2600 ਰੁਪਏ ਦੇ ਕਰੀਬ ਹੈ ਅਤੇ ਸਬਸਿਡੀ ਤੋਂ ਬਾਅਦ ਇਹ ਕਿਸਾਨਾਂ ਨੂੰ 266 ਰੁਪਏ ਪ੍ਰਤੀ ਥੈਲੀ ਦੇ ਹਿਸਾਬ ਨਾਲ ਉਪਲਬਧ ਹੈ। ਯਾਨੀ ਸਰਕਾਰ ਨੂੰ ਪ੍ਰਤੀ ਬੋਰੀ ਕਰੀਬ 2300 ਰੁਪਏ ਤੋਂ ਉੱਪਰ ਖੁਦ ਹੀ ਦੇਣੇ ਪੈਂਦੇ ਹਨ। ਪਰ ਨੈਨੋ ਤਰਲ ਯੂਰੀਆ ਨਾਲ ਸਰਕਾਰ ਨੂੰ ਵਿਦੇਸ਼ ਕਰੰਸੀ ਦੇ ਰੂਪ ਵਿੱਚ ਵੱਡੀ ਬੱਚਤ ਹੋਵੇਗੀ।
ਤੱਤ ਦੇ ਹਿਸਾਬ ਨਾਲ ਡੀਏਪੀ ਕੀਮਤ ‘ਤੇ ਸਬਸਿਡੀ ਉਪਲਬਧ ਹੈ। ਸਬਸਿਡੀ ਅਤੇ ਵਿਕਰੀ ਕੀਮਤ ਸਰਕਾਰ ਦੁਆਰਾ ਹਰ ਸਾਲ ਐਲਾਨੀ ਜਾਂਦੀ ਹੈ। ਇਸ ਸਮੇਂ ਇੱਕ ਡੀਏਪੀ ਬੈਗ ’ਤੇ ਕਰੀਬ 2501 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਕਿਸਾਨਾਂ ਨੂੰ 1350 ਰੁਪਏ ਵਿੱਚ ਵਿਕਰੀ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ। ਨੈਨੋ ਡੀਏਪੀ ਦੇ ਆਉਣ ਨਾਲ ਵੀ ਸਰਕਾਰ ਨੂੰ ਭਾਰੀ ਬੱਚਤ ਹੋਵੇਗੀ।