ਚੰਡੀਗੜ੍ਹ : Chandigarh SSP ਮਾਮਲੇ ਨੂੰ ਲੈ ਕੇ ਰਾਜ ਸਰਕਾਰ ਤੇ ਰਾਜਪਾਲ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ।ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਪੰਜਾਬ ਦੀ ਚਿੱਠੀ ਦਾ ਜਵਾਬ ਦਿੱਤਾ ਹੈ।
ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ਵਿੱਚ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਗਲਤ ਤੱਥ ਪੇਸ਼ ਨਾ ਕਰਨ ਲਈ ਕਿਹਾ ਹੈ ਤੇ ਦਾਅਵਾ ਕੀਤਾ ਹੈ ਕਿ 28 ਨਵੰਬਰ ਤੇ 30 ਨਵੰਬਰ ਨੂੰ ਹੀ ਐਸਐਸਪੀ ਚਾਹਲ ਨੂੰ ਹਟਾਉਣ ਦੀ ਜਾਣਕਾਰੀ ਦੀ ਸੂਚਨਾ ਸਰਕਾਰ ਦੇ ਚੀਫ ਸੈਕਟਰੀ ਨੂੰ ਦਿੱਤੀ ਗਈ ਸੀ ਤੇ ਪੈਨਲ ਦੀ ਮੰਗ ਕੀਤੀ ਗਈ ਸੀ ਪਰ ਮੁੱਖ ਮੰਤਰੀ ਪੰਜਾਬ ਦੇ ਗੁਜਰਾਤ ਚੋਣਾਂ ਵਿੱਚ ਵਿਅਸਤ ਹੋਣ ਕਾਰਨ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ ਗਿਆ।
ਜਿਥੋਂ ਤੱਕ ਕਿ ਐਸਐਸਪੀ ਨੂੰ ਅਹੁਦੇ ਤੋਂ ਕੁਲਦੀਪ ਚਾਹਲ ਨੂੰ ਹਟਾਉਣ ਦੀ ਗੱਲ ਹੈ ਤਾਂ ਉਹਨਾਂ ਖਿਲਾਫ਼ ਕੁੱਝ ਸ਼ਿਕਾਇਤਾਂ ਮਿਲਣ ਦੀ ਗੱਲ ਵੀ ਰਾਜਪਾਲ ਨੇ ਕੀਤੀ ਹੈ ਤੇ ਕਿਹਾ ਹੈ ਕਿ ਇਸ ਵਜ਼ਾ ਨਾਲ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ।ਇਸ ਤੋਂ ਇਲਾਵਾ ਹਰਿਆਣਾ ਕੈਡਰ ਦੇ ਐਸਐਸਪੀ ਦੀ ਨਿਯੁਕਤੀ ਵੀ ਆਰਜ਼ੀ ਤੋਰ ‘ਤੇ ਕੀਤੀ ਗਈ ਹੈ। ਸੋ ਇਸ ਗੱਲ ‘ਤੇ ਵੀ ਵਿਵਾਦ ਖੜਾ ਨਹੀਂ ਕੀਤਾ ਜਾਣਾ ਚਾਹੀਦਾ,ਇਸ ਗੱਲ ਦਾ ਜ਼ਿਕਰ ਵੀ ਰਾਜਪਾਲ ਦੀ ਚਿੱਠੀ ਵਿੱਚ ਕੀਤਾ ਗਿਆ ਹੈ।
ਆਪ ਦਾ ਰਾਜਪਾਲ ਦੇ ਇਲਜ਼ਾਮਾਂ ਤੋਂ ਇਨਕਾਰ
ਇਸ ਮਾਮਲੇ ‘ਤੇ ਆਪ ਵੱਲੋਂ ਸਥਿਤੀ ਨੂੰ ਸਾਫ਼ ਕਰਦਿਆਂ ਰਾਜਪਾਲ ‘ਤੇ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਵੱਲੋਂ ਭੰਬਲਭੂਸੇ ਵਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਆਪ ਦੇ ਬੁਲਾਰੇ ਨੀਲ ਗਰਗ ਨੇ ਇੱਕ ਨਿਜ਼ੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਦਫਤਰ ਨੂੰ ਅਜਿਹੀ ਕੋਈ ਸੂਚਨਾ ਨਹੀਂ ਮਿਲੀ। ਜੇਕਰ ਇਹ ਦਾਅਵਾ ਸੱਚ ਹੁੰਦਾ ਤਾਂ ਰਾਜਪਾਲ ਨੂੰ ਚਿੱਠੀ ਲਿਖਣ ਦੀ ਮੁੱਖ ਮੰਤਰੀ ਨੂੰ ਕੀ ਲੋੜ ਸੀ ਤੇ ਇਸ ਸਬੰਧ ਵਿੱਚ ਰਾਜਪਾਲ ਨੂੰ ਉਦੋਂ ਹੀ ਸਥਿਤੀ ਸਾਫ਼ ਕਰਨੀ ਚਾਹੀਦੀ ਸੀ,ਜਦੋਂ ਇਹ ਵਿਵਾਦ ਉਠਿਆ ਸੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਗਏ ਵਿਰੋਧ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ।
ਅਕਾਲੀ ਦਲ ਨੇ ਮੰਗਿਆ ਮਾਨ ਤੋਂ ਸਪੱਸ਼ਟੀਕਰਨ
ਇਸ ਮਾਮਲੇ ‘ਚ ਵਿਰੋਧੀ ਧਿਰਾਂ ਨੂੰ ਵੀ ਪੰਜਾਬ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ।ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਸਾਰੀ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਹੈਰਾਨੀ ਪ੍ਰਗਟ ਕੀਤੀ ਹੈ ਕਿ ਸੂਬਾ ਚੱਲ ਕਿਵੇਂ ਰਿਹਾ ਹੈ ਜਦੋਂ ਕਿ ਚੀਫ਼ ਸੈਕਟਰੀ ਤੇ ਮੁੱਖ ਮੰਤਰੀ ਦਾ ਹੀ ਆਪਸ ‘ਚ ਕੋਈ ਤਾਲਮੇਲ ਨਹੀਂ ਹੈ। ਪੰਜਾਬ ਦੇ ਇਹਨਾਂ ਹਾਲਾਤਾਂ ਦਾ ਰਾਜਪਾਲ ਦੀ ਚਿੱਠੀ ਨੇ ਜਲੂਸ ਕੱਢ ਕੇ ਰੱਖ ਦਿੱਤਾ ਹੈ ਤੇ ਹੁਣ ਮੁੱਖ ਮੰਤਰੀ ਮਾਨ ਵੱਲੋਂ ਸਪੱਸ਼ਟੀਕਰਨ ਦੇਣ ਦੀ ਮੰਗ ਡਾ. ਚੀਮਾ ਨੇ ਰੱਖੀ ਹੈ।