India

ਕੋਲਕਾਤਾ ‘ਚ ਉਡਾਣਾਂ ਹੋਈਆਂ ਬੰਦ,ਹਾਲਾਤ ਗੰਭੀਰ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੇ ਚੱਲਦਿਆਂ ਪੱਛਮੀ ਬੰਗਾਲ ਨੂੰ ਪੂਰੀ ਤਰ੍ਹਾਂ ਲਾਕਡਾਊਨ ਕੀਤਾ ਗਿਆ ਹੈ। ਇਸ ਲਾਕਡਾਊਨ ਦੇ ਚੱਲਦਿਆਂ ਕੋਲਕਾਤਾ ਦੇ ਨੇਤਾਜੀ ਸੁਭਾਸ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ‘ਤੇ ਅਗਸਤ ਦੇ ਮਹੀਨੇ ਵਿੱਚ 7 ਦਿਨਾਂ ਲਈ ਉਡਾਣਾਂ ਬੰਦ ਰਹਿਣਗੀਆਂ।

ਨਿਊਜ਼ ਏਜੰਸੀ ਏ ਐੱਨ ਆਈ ਨੇ ਅਨੁਸਾਰ ਕੋਲਕਾਤਾ ਹਵਾਈ ਅੱਡੇ ‘ਤੇ ਉਡਾਣ ਦਾ ਕੰਮ 5, 8, 16, 17, 23, 24 ਅਤੇ 31 ਅਗਸਤ 2020 ਨੂੰ ਪੱਛਮੀ ਬੰਗਾਲ ਸਰਕਾਰ ਵੱਲੋਂ ਐਲਾਨੇ ਗਏ ਤਾਲਾਬੰਦੀ ਦੇ ਅਨੁਸਾਰ ਮੁਅੱਤਲ ਰਹੇਗਾ। ਯਾਤਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਉਡਾਣ ਦੇ ਕਾਰਜਕ੍ਰਮ ਵਿੱਚ ਤਬਦੀਲੀਆਂ ਲਈ ਸਬੰਧਿਤ ਏਅਰਲਾਈਨਾਂ ਨਾਲ ਸੰਪਰਕ ਕਰਕੇ ਲੋੜੀਂਦਾ ਜਾਣਕਾਰੀ ਪ੍ਰਾਪਤ ਕਰ ਲੈਣ।  ਪੱਛਮੀ ਬੰਗਾਲ ਸਰਕਾਰ ਨੇ 31 ਅਗਸਤ ਤੱਕ ਦੋ ਵਾਰ ਮੁਕੰਮਲ ਤਾਲਾਬੰਦੀ ਲਾਉਣ ਦਾ ਫੈਸਲਾ ਕੀਤਾ ਸੀ। ਸਾਰੀਆਂ ਜਨਤਕ ਟ੍ਰਾਂਸਪੋਰਟ, ਸਰਕਾਰੀ ਅਤੇ ਪ੍ਰਾਈਵੇਟ ਦਫਤਰ, ਬੈਂਕ ਅਤੇ ਹੋਰ ਵਪਾਰਕ ਅਦਾਰੇ ਲਾਕਡਾਊਨ ਦੌਰਾਨ ਬੰਦ ਰਹਿਣਗੇ।

ਇਸ ਤੋਂ ਇਲਾਵਾ ਦਵਾਈਆਂ ਦੀਆਂ ਦੁਕਾਨਾਂ ਅਤੇ ਸਿਹਤ ਸੰਸਥਾਵਾਂ ਖੁੱਲੀਆਂ ਰਹਿਣਗੀਆਂ,ਪੈਟਰੋਲ ਪੰਪ ਵੀ ਖੁੱਲ੍ਹੇ ਰਹਿਣਗੇ। ਇਸ ਦੌਰਾਨ ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਕੋਵਿਡ -19 ਕਾਰਨ ਮੌਤਾਂ ਦੀ ਗਿਣਤੀ 1,490 ਹੋ ਗਈ ਹੈ। ਕੋਰੋਨਾਵਾਇਰਸ ਦੀ ਲਾਗ ਦੇ ਕੁੱਲ 2,294 ਤਾਜ਼ਾ ਕੇਸਾਂ ਕਾਰਨ ਰਾਜ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 65,258 ਹੋ ਗਈ ਹੈ।