Punjab

“ਛੋਟੀ ਉਮਰ ਦੇ ਮੁੰਡੇ ਬੇਰੋਜ਼ਗਾਰੀ ਦੀ ਵਜਾ ਨਾਲ ਗੈਂਗਸਟਰ ਬਣਦੇ ਹਨ “: ਮੁੱਖ ਮੰਤਰੀ ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਗੁਰੂ ਤੇਗ ਬਹਾਦਰ ਹਾਲ,ਪਟਿਆਲਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਵੀ ਕੀਤਾ।

ਮੁੱਖ ਮੰਤਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋ ਰਹੇ ਅੰਤਰ ‘ਵਰਸਿਟੀ ਯੂਥ ਫੈਸਟੀਵਲ ਵਿੱਚ ਸ਼ਿਰਕਤ ਕਰ ਰਹੇ ਸਨ ਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਮੀਤ ਹੇਅਰ ਵੀ ਸਨ। ਆਪਣੇ ਸੰਬੋਧਨ ਵਿੱਚ ਮਾਨ ਨੇ ਸਰਕਾਰ ਵੱਲੋਂ ਯੂਥ ਲਈ ਕੀਤੇ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ ਤੇ ਵਿਦਿਆਰਥੀਆਂ ਦੀ ਵੀ ਹੌਂਸਲਾ ਅਫਜ਼ਾਈ ਕੀਤੀ।

ਮਾਨ ਨੇ ਇਸ ਗੱਲ ਲਈ ਵੀ ਆਪਣੀ ਵਚਨਬੱਧਤਾ ਦੋਹਰਾਈ ਕਿ ਵਿਦਿਆ ਨੂੰ ਕਰਜ਼ੇ ਥੱਲੇ ਨਹੀਂ ਦੱਬ ਹੋਣ ਦਿੱਤਾ ਦਾਵੇਗਾ। ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਨੌਜਵਾਨ ਸ਼ਕਤੀ ਨੂੰ ਸਹੀ ਰਾਹ ਪਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈ ਵਿਦੇਸ਼ੀ ਕੰਪਨੀਆਂ ਪੰਜਾਬ ਆ ਰਹੀਆਂ ਹਨ ਤੇ ਜਲਦੀ ਹੀ ਪੰਜਾਬ ਨੂੰ ਇੰਡਸਟਰੀਅਲ ਹੱਬ ਬਣਾ ਦਿੱਤਾ ਜਾਵੇਗਾ।

ਉਹਨਾਂ ਇਹ ਕਿਹਾ ਕਿ ਪੰਜਾਬ ਵਿੱਚ ਨਵੀਆਂ ਯੋਜਨਾਵਾਂ ਦੀ ਕੋਈ ਕਮੀ ਨਹੀਂ ਹੈ ,ਸਰਕਾਰ ਉਹਨਾਂ ਲਈ ਸਾਧਨ ਮੁਹਇਆ ਕਰਵਾਏਗੀ। ਅੱਜ ਕੈਬਨਿਟ ਮੀਟਿੰਗ ਵਿੱਚ ਹੋਏ ਫੈਸਲਿਆਂ ਦਾ ਜ਼ਿਕਰ ਵੀ ਮਾਨ ਨੇ ਕੀਤਾ ਤੇ ਕਿਹਾ ਹੈ ਕਿ ਹਰ ਸਾਲ ਪੰਜਾਬ ਪੁਲਿਸ ਵਿੱਚ ਵੱਖ ਵੱਖ ਰੈਂਕ ਦੀਆਂ 2100 ਤੋਂ ਵੱਧ ਭਰਤੀਆਂ ਪੰਜਾਬ ਸਰਕਾਰ ਕਰੇਗੀ।ਜਿਸ ਦੀ ਪ੍ਰਕ੍ਰਿਆ ਇੱਕ ਸਾਲ ਵਿੱਚ ਪੂਰੀ ਹੋ ਜਾਇਆ ਕਰੇਗੀ।

ਮਾਨ ਨੇ ਸਾਫ ਕੀਤਾ ਕਿ ਇਸ ਸਬੰਧ ਵਿੱਚ ਜਨਵਰੀ ‘ਚ ਨੋਟਿਫਿਕੇਸ਼ਨ ਆਵੇਗਾ,ਮਈ-ਜੂਨ ਵਿੱਚ ਲਿਖਤੀ ਪ੍ਰੀਖਿਆ ਹੋਵੇਗੀ,ਸਤੰਬਰ ਵਿੱਚ ਸਰੀਰਕ ਯੋਗਤਾ ਟੈਸਟ ਹੋਵੇਗਾ ਤੇ ਨਵੰਬਰ ਵਿੱਚ ਯੋਗ ਉਮੀਦਵਾਰ ਨੂੰ ਬਿਨਾਂ ਕਿਸੇ ਸਿਫਾਰਸ਼ ਜਾਂ ਰਿਸ਼ਵਤ ਦੇ ਨਿਯੁਕਤੀ ਪੱਤਰ ਮਿਲ ਜਾਏਗਾ। ਮਾਨ ਨੇ ਇਹ ਵੀ ਗੱਲ ਜ਼ੋਰ ਦੇ ਕੇ ਕਹੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦੇਣ ਦੇ ਮਾਮਲੇ ‘ਚ ਸਰਕਾਰ ਪਹਿਲ ਦੇ ਆਧਾਰ ‘ਤੇ ਕੰਮ ਕਰ ਰਹੀ ਹੈ।

ਗੈਂਗਸਟਰਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਹੈ ਕਿ ਬਹੁਤ ਛੋਟੀ ਉਮਰ ਦੇ ਮੁੰਡੇ ਬੇਰੋਜ਼ਗਾਰੀ ਦੀ ਵਜਾ ਨਾਲ ਇਸ ਰਾਹ ‘ਤੇ ਪੈ ਜਾਂਦੇ ਹਨ ਤੇ ਦਿੱਤੇ ਜਾਂਦੇ ਲਾਲਚਾਂ ਦੇ ਚੁੰਗਲ ਵਿੱਚ ਅਣਜਾਣੇ ਹੀ ਫੱਸ ਜਾਂਦੇ ਹਨ।ਇਸ ਲਈ ਸਰਕਾਰ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੀ ਕੌਸ਼ਿਸ਼ ਕਰ ਰਹੀ ਹੈ ਤਾਂ ਜੋ ਅਜਿਹੀ ਸਥਿਤੀ ਨਾ ਆਵੇ।

ਮਾਨ ਨੇ ਇਹ ਵੀ ਦੱਸਿਆ ਹੈ ਕਿ ਸਰਕਾਰ ਨੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਸ਼ੁਰੂ ਕੀਤੇ ਹਨ,ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਏ ਸੀ। ਇਹਨਾਂ ਵਾਸਤੇ ਹਰ ਜ਼ਿਲ੍ਹੇ ਵਿੱਚੋਂ 2 ਯੋਗਤਾ ਰੱਖਣ ਵਾਲੇ ਮੁੰਡੇ,ਕੁੜੀ ਨੂੰ ਚੁਣਿਆ ਜਾਵੇਗਾ ਤੇ ਉਹਨਾਂ ਨੂੰ 51000 ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਇਸ ਲਈ ਮਿਲੇ ਸਰਟੀਫਿਕੇਟ ਨੌਕਰੀ ਲੈਣ ਲਈ ਵੀ ਸਹਾਇਕ ਹੋਣਗੇ। ਇਸ ਤੋਂ ਇਲਾਵਾ ਯੂਥ ਫੈਸਟੀਵਲ ਵਿੱਚ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਸਰਟੀਫਿਕੇਟਾਂ ਨਾਲ ਵੀ ਨੌਕਰੀ ਲੈਣ ਵੇਲੇ ਸਹਾਇਤਾ ਮਿਲੇਗੀ।

ਇਸ ਤੋਂ ਇਲਾਵਾ ਪੰਜਾਬ ਵਿੱਚ ਪੰਜਾਬੀ ਨੂੰ ਲਾਜ਼ਮੀ ਕੀਤਾ ਗਿਆ ਹੈ ਤੇ ਪੰਜਾਬੀ ਬੋਲਣ ਤੇ ਪਾਬੰਦੀ ਲਾਉਣ ਵਾਲੇ ਸਕੂਲਾਂ ਨੂੰ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪੰਜਾਬ ਵਿੱਚ ਹੋਣ ਵਾਲੇ ਜੀ-20 ਸੰਮੇਲਨਾਂ ਦਾ ਜ਼ਿਕਰ ਵੀ ਉਹਨਾਂ ਕੀਤਾ ਹੈ ਤੇ ਕਿਹਾ ਹੈ ਕਿ ਇਸ ਦੌਰਾਨ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਰਵਾਇਤੀ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।