ਕਪੂਰਥਲਾ : ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ ਜਿਸ ਨਾਲ ਉਸ ਦੇ ਤੇ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ।
ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ। ਮ੍ਰਿਤਕ ਸੁਖਵਿੰਦਰ ਸਿੰਘ 3 ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਖਾਤਰ ਵਿਦੇਸ਼ ਫਰਾਂਸ ਗਿਆ ਸੀ, ਜਿਥੋਂ ਹੁਣ ਉਸ ਦੀ ਮੌਤ ਦੀ ਖ਼ਬਰ ਆਈ ਹੈ।
ਮ੍ਰਿਤਕ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਲੜਕੇ ਅਤੇ 1 ਲੜਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਵੱਡੇ ਲੜਕੇ, ਜੋ ਸੁਖਵਿੰਦਰ ਦੇ ਨਾਲ ਹੀ ਫਰਾਂਸ ਵਿੱਚ ਰਹਿ ਰਿਹਾ ਹੈ, ਨੇ ਫੋਨ ਕਰ ਕੇ ਦੱਸਿਆ ਕਿ ਕੰਮ ’ਤੇ ਜਾਣ ਸਮੇਂ ਸੁਖਵਿੰਦਰ ਨੂੰ ਇੱਕ ਮੁੰਡੇ ਦਾ ਫੋਨ ਆਇਆ ਤੇ ਉਹ ਉਸ ਕੋਲ ਰਾਤ ਰਹਿਣ ਚਲਾ ਗਿਆ।
ਰਾਤ ਸਮੇਂ ਉਸ ਲੜਕੇ ਨੇ ਦੱਸਿਆ ਕਿ ਉਸ ਦੀ ਹਾਲਤ ਖ਼ਰਾਬ ਹੋ ਗਈ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਉੱਧਰ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦੇ ਪਤੀ ਮਨਜੀਤ ਸਿੰਘ ਦੀ ਵੀ ਮੌਤ ਹੀ ਚੁੱਕੀ ਹੈ । ਪਰਿਵਾਰ ਨੇ ਦੱਸਿਆ ਕਿ ਸੁਖਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਜੱਦੀ ਪਿੰਡ ਬੇਗੋਵਾਲ ਵਿਖੇ ਸਸਕਾਰ ਕੀਤਾ ਜਾਵੇਗਾ ।