‘ਦ ਖ਼ਾਲਸ ਬਿਊਰੋ : ਤਰਨਤਾਰਨ ਆਰਪੀਜੀ ਬਲਾਸਟ ਤੋਂ ਬਾਅਦ ਪੂਰਾ ਪੰਜਾਬ ਹਾਈ ਅਲਰਟ ਉੱਤੇ ਹੈ। ਪੰਜਾਬ ਵਿੱਚ ਥਾਂ-ਥਾਂ ਉੱਤੇ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਰਹੱਦੀ ਜ਼ਿਲੇ ਪਠਾਨਕੋਟ ਤੇ ਫ਼ਿਰੋਜ਼ਪੁਰ ਚ ਵੀ ਪੁਲਿਸ ਸੁਰੱਖਿਆ ਚ ਵਾਧਾ ਕੀਤਾ ਗਿਆ ਹੈ। ਸਰਕਾਰੀ ਇਮਾਰਤਾਂ ਨੂੰ ਖਾਸ ਨਿਗਰਾਨੀ ਉੱਤੇ ਰੱਖਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਮੁਤਾਬਕ ਥਾਣਿਆਂ ਦੀ ਸੁਰੱਖਿਆ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਥਾਣਿਆਂ ਦੀ ਕੰਧ ਛੋਟੀ ਹੈ, ਉਨ੍ਹਾਂ ਨੂੰ ਵੀ ਉੱਚਾ ਚੁੱਕਿਆ ਜਾ ਰਿਹਾ ਹੈ।
ਤਰਨਤਾਰਨ RPG ਅਟੈਕ ‘ਚ ਪੁਲਿਸ ਦਾ ਇੱਕ ਵੱਡਾ ਐਕਸ਼ਨ ਵੀ ਸਾਹਮਣੇ ਆਇਆ ਹੈ। ਸਰਹਾਲੀ ਪੁਲਿਸ ਥਾਣੇ ਦੇ SHO ਪ੍ਰਕਾਸ਼ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। SHO ਪ੍ਰਕਾਸ਼ ਸਿੰਘ ਅਟੈਕ ਵੇਲੇ ਥਾਣੇ ‘ਚ ਹੀ ਮੌਜੂਦ ਸਨ। 12 ਹੋਰ ਪੁਲਿਸ ਅਫ਼ਸਰਾਂ ਦਾ ਵੀ ਟ੍ਰਾਂਸਫਰ ਕੀਤਾ ਗਿਆ ਹੈ।
ਪੁਲਿਸ ਤਰਨਤਾਰਨ ਵਿੱਚ ਹੋਏ RPG ਹਮਲੇ ਦੇ ਮਾਮਲੇ ਵਿੱਚ ਜੇਲ੍ਹ ਕਨੈਕਸ਼ਨ ਖੰਗਾਲੇਗੀ। ਪੁਲਿਸ ਵੱਲੋਂ ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਲਈ ਪੁਲਿਸ ਹੁਣ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ।
ਉੱਧਰ ਇਸ ਮਾਮਲੇ ਦੀ ਜਾਂਚ ਵੀ ਤੇਜ਼ ਹੋ ਗਈ ਹੈ। ਐੱਨਆਈਏ ਦੀ ਟੀਮ ਅੱਜ ਫਿਰ ਸਰਹਾਲੀ ਥਾਣੇ ਪਹੁੰਚੀ ਹੈ। NIA ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਘਟਨਾ ਵਾਲੇ ਸਥਾਨ ਤੋਂ ਕਈ ਸਬੂਤ ਜੁਟਾਏ ਜਾ ਰਹੇ ਹਨ। ਪੰਜਾਬ ਪੁਲਿਸ ਦੀ ਬੰਬ ਡਿਸਪੋਜ਼ਲ ਟੀਮ ਵੀ ਨਾਲ ਮੌਜੂਦ ਸੀ। CFSL ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਆਰਮੀ ਦੀ ਸਪੈਸ਼ਲ ਟੀਮ ਵੀ ਜਾਂਚ ‘ਚ ਸ਼ਾਮਲ ਹੋਈ ਹੈ।
ਇਸੇ ਮਾਮਲੇ ਵਿੱਚ ਪੁਲਿਸ ਵੱਲੋਂ 400 ਤੋਂ ਵੱਧ ਮੋਬਾਇਲ ਡੰਪ ਡਾਟਾ ਵੀ ਜੁਟਾਇਆ ਗਿਆ ਹੈ। 14 ਮੋਬਾਇਲ ਟਾਵਰਾਂ ਤੋਂ ਇਹ ਡਾਟਾ ਇਕੱਠਾ ਕੀਤਾ ਗਿਆ ਹੈ। ਸਰਹਾਲੀ ਥਾਣੇ ਦੇ ਆਸ-ਪਾਸ ਦਾ ਡਾਟਾ ਜੁਟਾਇਆ ਗਿਆ ਹੈ। ਇਲਾਕੇ ਦੀਆਂ ਕਈ ਹੋਰ CCTV ਫੁਟੇਜ਼ ਵੀ ਜ਼ਬਤ ਕੀਤੀਆਂ ਗਈਆਂ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਅਣਪਛਾਤਿਆਂ ਖਿਲਾਫ਼ UAPA ਤਹਿਤ ਕੇਸ ਵੀ ਦਰਜ ਕਰ ਲਿਆ ਹੈ। DGP ਨੇ ਕਿਹਾ ਕਿ ਬੁਖਲਾਹਟ ‘ਚ ਪਾਕਿਸਤਾਨ ਨੇ ਸਾਜ਼ਿਸ਼ ਰਚੀ ਸੀ ਅਤੇ ਮਿਲਟਰੀ ਗ੍ਰੇਡ ਹਥਿਆਰ ਬਾਰਡਰ ਪਾਰੋਂ ਲਿਆਂਦਾ ਗਿਆ ਸੀ। FIR ‘ਚ ਦੇਸ਼ ਵਿਰੋਧੀ ਅਨਸਰਾਂ ਦੇ ਹੱਥ ਦਾ ਜ਼ਿਕਰ ਕੀਤਾ ਗਿਆ ਹੈ।
ਸ਼ੁੱਕਰਵਾਰ ਰਾਤ 11:22 ਵਜੇ ਸਰਹਾਲੀ ਥਾਣੇ ‘ਤੇ ਅਟੈਕ ਹੋਇਆ ਸੀ। ਰਾਕੇਟ ਲਾਂਚਰ ਨਾਲ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪਾਕਿਸਤਾਨ ਤੋਂ ਸਪਲਾਈ ਹੋਏ ਹਥਿਆਰਾਂ ਦੇ ਇਸਤੇਮਾਲ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। DGP ਮੁਤਾਬਿਕ, RPG ਅਟੈਕ ਪਿੱਛੇ ਪਾਕਿਸਤਾਨ ਦਾ ਹੱਥ ਹੈ ਤੇ ਕਈ ਲੋਕਾਂ ਨੂੰ ਪੁਲਿਸ ਨੇ ਰਾਊਂਡਅਪ ਵੀ ਕੀਤਾ ਹੋਇਆ ਹੈ।