ਸ਼੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਗੋਨਿਆਣੇ ਰੋਡ ਦੀ ਰਹਿਣ ਵਾਲੀ ਹਰਵਿੰਦਰ ਕੌਰ ਨੇ ਆਪਣੇ ਢਾਈ ਸਾਲਾ ਬੱਚੇ ਸਣੇ ਮੁਕਤਸਰ-ਬਠਿੰਡਾ ਨਹਿਰ ਉਪਰ ਪਿੰਡ ਭੁੱਲਰ ਕੋਲੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ| ਇਸ ਘਟਨਾ ’ਚ ਬੱਚਾ ਤਾਂ ਬਚ ਗਿਆ ਤੇ ਹਰਵਿੰਦਰ ਕੌਰ ਤੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਕੁੱਦਿਆ ਗੁਰਦੀਪ ਸਿੰਘ ਡੁੱਬ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ|
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 9 ਵਜੇ ਜਦੋਂ ਹਰਵਿੰਦਰ ਕੌਰ ਨੇ ਆਪਣੇ ਗੋਦੀ ਚੁੱਕੇ ਬੱਚੇ ਸਣੇ ਨਹਿਰ ਵਿੱਚ ਛਾਲ ਮਾਰ ਦਿੱਤੀ ਤਾਂ ਉਸ ਨੂੰ ਬਚਾਉਣ ਲਈ ਪਿੰਡ ਭੁੱਲਰ ਦੇ ਗੁਰਦੀਪ ਸਿੰਘ ਤੇ ਇਕ ਹੋਰ ਵਿਅਕਤੀ ਨੇ ਨਹਿਰ ਵਿੱਚ ਛਾਲਾਂ ਮਾਰ ਦਿੱਤੀਆਂ| ਉਨ੍ਹਾਂ ਬੱਚੇ ਨੂੰ ਤਾਂ ਜਿਊਂਦਾ ਕੱਢ ਲਿਆ ਪਰ ਗੁਰਦੀਪ ਸਿੰਘ ਤੇ ਹਰਵਿੰਦਰ ਕੌਰ ਪਾਣੀ ਦੇ ਤੇਜ਼ ਵਹਾਅ ’ਚ ਆਉਣ ਕਰਕੇ ਡੁੱਬ ਗਏ|
ਹਰਵਿੰਦਰ ਕੌਰ ਦੇ ਭਾਣਜੇ ਡੇਨੀਅਲ ਨੇ ਦੱਸਿਆ ਕਿ ਹਰਵਿੰਦਰ ਕੌਰ ਦਾ ਘਰ ’ਚ ਮਾਮੂਲੀ ਝਗੜਾ ਹੋਇਆ ਸੀ ਜਿਸ ਮਗਰੋਂ ਉਸ ਨੇ ਇਹ ਕਦਮ ਚੁੱਕ ਲਿਆ| ਇਸ ਦੌਰਾਨ ਥਾਣਾ ਸਿਟੀ ਦੇ ਐੱਸਐੱਚਓ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਔਰਤ ਤੇ ਬੱਚੇ ਦੇ ਨਹਿਰ ਵਿੱਚ ਛਾਲ ਮਾਰਨ ਦਾ ਪਤਾ ਲੱਗਿਆ ਸੀ ਜਿਸ ’ਤੇ ਉਹ ਫੌਰੀ ਮੌਕੇ ’ਤੇ ਪੁੱਜੇ| ਬੱਚੇ ਨੂੰ ਬਚਾਅ ਲਿਆ ਗਿਆ ਹੈ ਪਰ ਹਰਵਿੰਦਰ ਕੌਰ ਤੇ ਗੁਰਦੀਪ ਸਿੰਘ ਦੀ ਭਾਲ ਜਾਰੀ ਹੈ|
ਦੂਜੇ ਪਾਸੇ ਗੋਨਿਆਣਾ ਰੋਡ ਸਥਿਤ ਝੀਲ ਨੰਬਰ-3 ਵਿੱਚ ਇੱਕ ਹੋਰ ਔਰਤ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਔਰਤ ਵੱਲੋਂ ਝੀਲ ਵਿੱਚ ਛਾਲ ਮਾਰੀ ਗਈ ਤਾਂ ਉਹ ਝਾੜੀਆਂ ਵਿੱਚ ਫਸ ਗਈ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਣ ’ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੀ ਐਂਬੂਲੈਂਸ ਟੀਮ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਝੀਲ ਵਿੱਚੋਂ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਥਾਣਾ ਥਰਮਲ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।