ਰਾਜਸਥਾਨ : ਰਾਜਸਥਾਨ ਦੇ ਸੀਕਰ ਸ਼ਹਿਰ ਦੇ ਗੈਂਗਸਟਰ ਰਾਜੂ ਠੇਠ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ 5 ਦੋਸ਼ੀਆਂ ਨੂੰ ਝੁੰਝੁਨੂ,ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਕੱਲ ਹੋਏ ਗੈਂਗ ਵਾਰ ‘ਚ ਗੈਂਗਸਟਰ ਰਾਜੂ ਠੇਠ ਮਾਰਿਆ ਗਿਆ ਸੀ। ਰਾਜੂ ਠੇਠ ਦੇ ਕਤਲ ਦੇ ਖਿਲਾਫ਼ ਸੀਕਰ ਸ਼ਹਿਰ ‘ਚ ਪ੍ਰਦਰਸ਼ਨ ਹੋਏ ਸੀ ਅਤੇ ਬਾਜ਼ਾਰ ਬੰਦ ਰੱਖਿਆ ਗਿਆ ਸੀ।
ਜ਼ਿਕਰਯੋਗ ਜਾਣਕਾਰੀ ਮੁਤਾਬਿਕ ਸੀਕਰ ਦੇ ਪਿਪਰਾਲੀ ਰੋਡ ‘ਤੇ ਕੱਲ ਸਵੇਰੇ 9:30 ਵਜੇ ਦੇ ਕਰੀਬ ਬਦਮਾਸ਼ਾਂ ਨੇ ਅੰਨੇਵਾਹ ਗੋਲੀਬਾਰੀ ਕੀਤੀ, ਜਿਸ ‘ਚ ਰਾਜੂ ਠੇਠ ਅਤੇ ਉਸ ਦੇ ਇੱਕ ਹੋਰ ਰਿਸ਼ਤੇਦਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਬਦਮਾਸ਼ ਹਥਿਆਰਾਂ ਸਮੇਤ ਭੱਜਦੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਅਨੁਸਾਰ ਰਾਜੂ ਨੂੰ 3 ਤੋਂ ਵੱਧ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਗੋਲੀਬਾਰੀ ਵਿੱਚ ਰਾਜੂ ਠੇਠ ਤੋਂ ਇਲਾਵਾ ਇੱਕ ਬੇਕਸੂਰ ਵਿਅਕਤੀ ਦੀ ਵੀ ਜਾਨ ਚਲੀ ਗਈ ਸੀ,ਜਿਸ ਨੂੰ ਉਸ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ।
ਪੁਲਿਸ ਅਨੁਸਾਰ ਇਸ ਵਿਅਕਤੀ ਦੀ ਪਛਾਣ ਤਾਰਾਚੰਦ ਕੜਵਾਸਰਾ ਵਜੋਂ ਹੋਈ ਹੈ। ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਤਾਰਾਚੰਦ ਨੂੰ ਗੋਲੀ ਮਾਰੀ ਗਈ ਤਾਂ ਉਹ ਆਪਣੀ ਧੀ ਨੂੰ ਕੋਚਿੰਗ ਤੋਂ ਲਿਆ ਰਿਹਾ ਸੀ।