ਅੰਮ੍ਰਿਤਸਰ : ਪੰਜਾਬ ਵਿੱਚ ਹਥਿਆਰਾਂ ਦੇ ਖਿਲਾਫ਼ ਸਖਤਾਈ ਤੋਂ ਬਾਅਦ ਪੁਲਿਸ ਵੱਲੋਂ ਅੰਮ੍ਰਿਤਸਰ ਵਿੱਚ 10 ਸਾਲ ਦੇ ਬੱਚੇ ਉੱਤੇ ਐੱਫਆਈਆਰ ਦਰਜ ਕਰਨ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕਸਦਿਆ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਹਥਿਆਰ ਫੜਿਆ ਹੋਇਆ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ…ਪਰ ਪਰਚੇ ਬੱਚਿਆਂ ਉੱਤੇ ਹੋ ਰਹੇ ਹਨ। ਇਸ ਟਵੀਟ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ।
ਦਰਅਸਲ, ਕੁਝ ਦਿਨ ਪਹਿਲਾਂ 10 ਸਾਲ ਦੇ ਬੱਚੇ ਉੱਤੇ ਹਲਤਾ ਮਜੀਠਾ ਦੇ ਕੱਥੂਨੰਗਲ ਥਾਣੇ ਵਿੱਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਤਸਵੀਰ ਪੁਰਾਣੀ ਸੀ ਅਤੇ ਉਦੋਂ ਬੱਚਾ ਚਾਰ ਸਾਲ ਦਾ ਸੀ। ਇਹ ਤਸਵੀਰ ਛੇ ਸਾਲ ਪਹਿਲਾਂ ਦੀ ਸੀ, ਜਿਸਨੂੰ ਬੱਚੇ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤਾ ਹੋਇਆ ਸੀ।
Mittran nu shonk hathiaran da?
ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ 🤔 @BhagwantMann pic.twitter.com/81vHcdWtlf— Bikram Singh Majithia (@bsmajithia) November 27, 2022
ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਰੋਸਾ ਦਿੱਤਾ ਕਿ ਬੱਚੇ ਨੂੰ ਦੋਸ਼ੀ ਨਹੀਂ ਮੰਨਿਆ ਜਾਵੇਗਾ ਅਤੇ ਐੱਫਆਈਆਰ ਵਿੱਚ ਉਸਦਾ ਨਾਮ ਵੀ ਨਹੀਂ ਹੈ। ਏਨਾ ਹੀ ਨਹੀਂ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸਨੂੰ ਆਪਣੀ ਇੱਕ ਵੱਡੀ ਗਲਤੀ ਮੰਨਿਆ ਸੀ।
ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੀ ਕਾਰਵਾਈ ਤਿੰਨ ਦਿਨ ਦੇ ਲਈ ਰੋਕਣੀ ਪਈ। ਸਰਕਾਰ ਨੇ ਲੋਕਾਂ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਰਗੀਆਂ ਸਾਰੀਆਂ ਫੋਟੋਜ਼ ਅਤੇ ਵੀਡੀਓਜ਼ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਦੌਰਾਨ ਉਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਹ ਆਦੇਸ਼ ਕੱਲ ਸ਼ਾਮ ਤੱਕ ਲਾਗੂ ਹੈ। ਇਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਮਾਨ ਦੀ ਹਥਿਆਰ ਵਾਲੀ ਤਸਵੀਰ ਨੂੰ ਵਾਇਰਲ ਕਰ ਦਿੱਤਾ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਮਾਨ ਮਜੀਠੀਆ ਖਿਲਾਫ਼ ਇਸ ਉੱਤੇ ਕੀ ਐਕਸ਼ਨ ਲੈਂਦੇ ਹਨ।