India

ਨਹੀਂ ਮਿਲਿਆ ਨਸ਼ਾ ਤਾਂ ਆਪਣੇ ਮਾਂ-ਪਿਓ, ਦਾਦੀ ਤੇ ਭੈਣ ਦਾ ਹੀ ਕਰ ਦਿੱਤਾ ਕਤਲ

Four members of family stabbed to death in Delhi Palam

ਨਵੀਂ ਦਿੱਲੀ :  ਦਿੱਲੀ ਦੇ ਪਾਲਮ ਇਲਾਕੇ ਵਿੱਚ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। 25 ਸਾਲਾ ਨੋਜਵਾਨ ਕੇਸ਼ਵ ਨੇ ਆਪਣੇ ਮਾਤਾ-ਪਿਤਾ, ਦਾਦੀ ਅਤੇ ਭੈਣ ਦਾ ਕਤਲ ਕੀਤਾ ਹੈ। ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੇ ਕਤਲ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਨੇ ਕਤਲ ਦੇ ਮੁਲਜ਼ਮ ਕੇਸ਼ਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਇਸ ਲਈ ਉਹ ਆਪਣੇ ਪਰਿਵਾਰ ਵਾਲਿਆਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਨਕਾਰ ਕਰਨ ‘ਤੇ ਨੌਜਵਾਨ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮੁਲਜ਼ਮ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਸੀ, ਪਰਿਵਾਰ ਵਾਲੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਲੈ ਕੇ ਆਏ ਸਨ।

ਜਾਣਕਾਰੀ ਮੁਤਾਬਿਕ ਜਦੋਂ ਪੁਲਿਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਸਿਰਫ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਨੌਜਵਾਨ ਨੇ ਕਮਰੇ ‘ਚ ਆਪਣੀ ਭੈਣ ਦਾ ਕਤਲ ਕਰ ਦਿੱਤਾ, ਉਸ ਦੀ ਲਾਸ਼ ਫਰਸ਼ ‘ਤੇ ਪਈ ਸੀ। ਦਾਦੀ ਦੀ ਲਾਸ਼ ਕਮਰੇ ‘ਚ ਬੈੱਡ ‘ਤੇ ਪਈ ਮਿਲੀ। ਬਾਥਰੂਮ ਵਿੱਚ ਮਾਪਿਆਂ ਦੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਸਨ।

ਘਰ ਦੇ ਅੰਦਰ ਬੈੱਡਰੂਮ ਤੋਂ ਲੈ ਕੇ ਬਾਥਰੂਮ ਤੱਕ ਖੂਨ ਫੈਲਿਆ ਹੋਇਆ ਸੀ। ਮੁਲਜ਼ਮ ਕੇਸ਼ਵ (25) ਨੇ ਆਪਣੀ ਦਾਦੀ ਦੀਵਾਨੋ ਦੇਵੀ (75), ਪਿਤਾ ਦਿਨੇਸ਼ (50), ਮਾਂ ਦਰਸ਼ਨਾ ਅਤੇ ਭੈਣ ਉਰਵਸ਼ੀ (18) ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੇ ‘ਚ ਸੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਮੰਗਦਾ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪਰਿਵਾਰ ਦੇ ਮੈਂਬਰ ਵੱਖ-ਵੱਖ ਮੰਜ਼ਿਲਾਂ ‘ਤੇ ਰਹਿੰਦੇ ਹਨ, ਇਸ ਲਈ ਉਸ ਨੇ ਵੱਖ-ਵੱਖ ਮੰਜ਼ਿਲਾਂ ‘ਤੇ ਜਾ ਕੇ ਸਾਰਿਆਂ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਇਹ ਕਿਹਾ

ਪੁਲਿਸ ਅਧਿਕਾਰੀਆਂ ਮੁਤਾਬਿਕ ਰਾਤ ਕਰੀਬ 11:30 ਵਜੇ ਸੂਚਨਾ ਮਿਲੀ ਕਿ ਉਪਰਲੀ ਮੰਜ਼ਿਲ ‘ਚ ਚੀਕਣ ਦੀ ਆਵਾਜ਼ ਆਈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਚਾਰੇ ਪਾਸੇ ਖੂਨ ਖਿਲਰਿਆ ਪਿਆ ਸੀ ਅਤੇ ਚਾਰੇ ਵਿਅਕਤੀ ਖੂਨ ਨਾਲ ਲੱਥਪੱਥ ਹਾਲਤ ‘ਚ ਪਏ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਾਲਮ ਪੁਲਿਸ ਨੇ ਕੇਸ਼ਵ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਕਤਲ ਕਰ ਦਿੱਤਾ

ਦੋਸ਼ੀ ਕੇਸ਼ਵ ਕਾਫੀ ਸਮੇਂ ਤੋਂ ਨਸ਼ੇ ‘ਚ ਸੀ। ਉਹ ਗਾਂਜਾ ਪੀਂਦਾ ਸੀ। ਉਹ ਹਰ ਰੋਜ਼ ਆਪਣੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਮੰਗਦਾ ਸੀ। ਰਾਤ ਨੂੰ ਵੀ ਉਹ ਪਹਿਲਾਂ ਦਾਦੀ ਤੋਂ ਪੈਸੇ ਮੰਗਦਾ ਸੀ। ਦਾਦੀ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਦੂਜੀ ਮੰਜ਼ਿਲ ‘ਤੇ ਦਾਦੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਪੁੱਛਿਆ। ਜਦੋਂ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਮਾਂ ਦਾ ਕਤਲ ਕਰ ਦਿੱਤਾ।

ਇਸ ਤੋਂ ਬਾਅਦ ਉਸ ਨੇ ਪਿਤਾ ਅਤੇ ਫਿਰ ਆਖਿਰਕਾਰ ਛੋਟੀ ਭੈਣ ਉਰਵਸ਼ੀ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਸੀ। ਰੌਲਾ ਸੁਣ ਕੇ ਗੁਆਂਢ ‘ਚ ਰਹਿਣ ਵਾਲੇ ਚਾਚੇ ਨੇ ਆ ਕੇ ਭੱਜਦੇ ਦੋਸ਼ੀ ਨੂੰ ਫੜ ਲਿਆ।

ਪ੍ਰੇਮਿਕਾ ਨਾਲ ਬ੍ਰੇਕਅੱਪ ਕਾਰਨ ਪਰੇਸ਼ਾਨ ਸੀ

ਮੁਲਜ਼ਮ ਕੇਸ਼ਵ ਕੁਝ ਸਮਾਂ ਪਹਿਲਾਂ ਨੌਕਰੀ ਕਰਦਾ ਸੀ, ਉਸ ਤੋਂ ਬਾਅਦ ਉਸ ਦੀ ਨੌਕਰੀ ਵੀ ਚਲੀ ਗਈ। ਨਸ਼ੇ ਨੂੰ ਲੈ ਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਦਾ ਆਪਣੀ ਗਰਲਫਰੈਂਡ ਨਾਲ ਵੀ ਬ੍ਰੇਕਅੱਪ ਹੋ ਗਿਆ ਸੀ, ਜਿਸ ਕਾਰਨ ਉਹ ਪਰੇਸ਼ਾਨ ਵੀ ਸੀ। ਰਾਤ ਨੂੰ ਘਰ ਦੇ ਸਾਰੇ ਮੈਂਬਰ ਜਾਗ ਰਹੇ ਸਨ, ਜਿਸ ਤੋਂ ਬਾਅਦ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਇਕ-ਇਕ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।