‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਵਾਹਨਾਂ ਦੇ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਮੋਟਰ ਵਹੀਕਲ ਐਕਟ ‘ਚ ਸੋਧ ਕਰਦਿਆਂ ਇਸ ‘ਚ ਹਾਈ ਸਿਕਿਊਰਿਟੀ ਨੰਬਰ ਪਲੇਟ ਦਾ ਜੁਰਮਾਨਾ ਜੋੜਿਆ ਹੈ। 1 ਅਕਤੂਬਰ ਤੋਂ ਵਾਹਨਾਂ ‘ਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਲਾਉਣ ‘ਤੇ ਲੋਕਾਂ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਜੇ ਚਲਾਨ ਦੂਸਰੀ ਜਾਂ ਇਸ ਤੋਂ ਵਧੇਰੇ ਵਾਰ ਕੱਟਿਆ ਜਾਂਦਾ ਹੈ ਤਾਂ ਲੋਕਾਂ ਨੂੰ ਤਿੰਨ ਹਜ਼ਾਰ ਰੁਪਏ ਭਰਨੇ ਪੈਣਗੇ। ਪੰਜਾਬ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਜੁਰਮਾਨੇ ਦੀ ਰਕਮ ਦੋਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਸਮੇਤ ਹਰੇਕ ਕਿਸਮ ਦੇ ਵਾਹਨ ਲਈ ਇੱਕੋ ਜਿਹੀ ਹੋਵੇਗੀ। ਹਾਲਾਂਕਿ, ਹਾਈ ਸਿਕਿਊਰਿਟੀ ਨੰਬਰ ਪਲੇਟ ਦਾ ਚਲਾਨ ਕੱਟਣ ਦਾ ਅਧਿਕਾਰ ਸਹਾਇਕ ਸਬ ਇੰਸਪੈਕਟਰ ਦੇ ਹੇਠਾਂ ਅਧਿਕਾਰੀ ਕੋਲ ਨਹੀਂ ਹੋਵੇਗਾ।
ਪਹਿਲਾਂ ਜੇ ਕਿਸੇ ਦੀ ਕਾਰ ਜਲੰਧਰ ਆਰਟੀਏ ਕੋਲ ਰਜਿਸਟਰਡ ਹੈ ਤਾਂ ਨੰਬਰ ਪਲੇਟ ਦੀ ਫਿਟਿੰਗ ਉੱਥੇ ਹੁੰਦੀ ਸੀ ਪਰ ਹੁਣ ਸਰਕਾਰ ਨੇ ਇਸ ‘ਚ ਇੱਕ ਨਵੀਂ ਸਹੂਲਤ ਸ਼ੁਰੂ ਕਰ ਦਿੱਤੀ ਹੈ। ਭਾਵੇਂ ਤੁਹਾਡੀ ਕਾਰ ਜਲੰਧਰ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਹੈ, ਤੁਸੀਂ ਖੁਦ ਨੰਬਰ ਪਲੇਟ ਫਿੱਟ ਕਰਨ ਲਈ ਨਵਾਂ ਜ਼ਿਲ੍ਹਾ ਤੇ ਇਸ ਦੇ ਫਿਟਿੰਗ ਸੈਂਟਰ ਦੀ ਚੋਣ ਕਰ ਸਕਦੇ ਹੋ।
ਜੇਕਰ ਤੁਹਾਡੀ ਕਾਰ ‘ਚ ਹਾਈ ਸਿਕਿਊਰਿਟੀ ਨੰਬਰ ਪਲੇਟ ਨਹੀਂ ਹੈ ਤਾਂ ਤੁਸੀਂ ਇਸ ਲਈ ਘਰ ਬੈਠੇ ਅਰਜ਼ੀ ਦੇ ਸਕਦੇ ਹੋ। ਇਸਦੇ ਲਈ ਵੈਬਸਾਈਟ ‘ਤੇ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਬਾਈਲ ਐਪ ਰਾਹੀਂ ਵੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ।