ਬਿਊਰੋ ਰਿਪੋਰਟ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ । SGPC ਨੇ ਉਨ੍ਹਾਂ ਦੀ ਥਾਂ ‘ਤੇ ਜਗਤਾਰ ਸਿੰਘ ਲੁਧਿਆਣਾ ਵਾਲਿਆਂ ਨੂੰ ਕਾਰਜਕਾਰੀ ਹੈੱਡ ਗ੍ਰੰਥੀ ਦੀ ਸੇਵਾ ਸੌਂਪੀ ਹੈ । ਗਿਆਨੀ ਜਗਤਾਰ ਸਿੰਘ ਲੰਮੇ ਵਕਤ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ। SGPC ਵੱਲੋਂ ਗ੍ਰੰਥੀ ਅਤੇ ਹੈੱਡ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਹੈੱਡ ਗ੍ਰੰਥੀ ਦੇ ਕਾਰਜਕਾਲ ਵੱਜੋਂ ਗਿਆਨੀ ਜਗਤਾਰ ਸਿੰਘ ਨਾਲ ਕਈ ਵਿਵਾਦ ਜੁੜੇ ਸਨ ।
ਸ਼੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਰਹਿੰਦੇ ਹੋਏ ਗਿਆਨੀ ਜਗਤਾਰ ਸਿੰਘ ਦਾ 2 ਸਾਲ ਪਹਿਲਾਂ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਰਾਗੀ ਸਿੰਘਾਂ ਨੇ ਸ਼੍ਰੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੂੰ ਗਿਆਨੀ ਜਗਤਾਰ ਸਿੰਘ ਦੇ ਵਤੀਰੇ ਦੇ ਖਿਲਾਫ ਮੰਗ ਪੱਤਰ ਵੀ ਸੌਂਪਿਆ ਸੀ । ਜਿਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੇ ਦਖ਼ਲ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ ਸੀ। ਰਾਗੀ ਸਿੰਘਾਂ ਦਾ ਇਲਜ਼ਾਮ ਸੀ ਕਿ ਗਿਆਨੀ ਜਗਤਾਰ ਸਿੰਘ ਕੀਰਤਨ ਦੌਰਾਨ ਉਨ੍ਹਾਂ ਨੂੰ ਕਈ ਵਾਰ ਟੋਕ ਦੇ ਸਨ। ਜਦਕਿ ਗਿਆਨੀ ਜਗਤਾਰ ਸਿੰਘ ਦਾ ਕਹਿਣਾ ਸੀ ਜਿਹੜੇ ਰਾਗੀ ਰਾਗ ਦੇ ਮੁਤਾਬਿਕ ਕੀਰਤਨ ਨਹੀਂ ਕਰਦੇ ਹਨ ਉਨ੍ਹਾਂ ਨੂੰ ਹੀ ਉਹ ਰੋਕ ਦੇ ਸਨ । ਇਸੇ ਮਹੀਨੇ ਹੀ ਇਕ ਰਾਗੀ ਸਿੰਘ ਵੱਲੋਂ ਗਿਆਨੀ ਜਗਤਾਰ ਸਿੰਘ ‘ਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲੱਗਾ ਕੇ ਅਸਤੀਫ਼ਾ ਦੇ ਦਿੱਤਾ ਸੀ।
1 ਨਵੰਬਰ ਨੂੰ ਰਾਗੀ ਸਿੰਘ ਕੁਲਦੀਪ ਸਿੰਘ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਪੱਤਰ ਵਿੱਚ ਲਿਖਿਆ ਸੀ ‘ਕਿ ਉਹ ਲੰਮੇ ਵਕਤ ਤੋਂ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਕਾਫੀ ਦੇਰ ਤੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਵੱਲੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ । ਜਿਹੜੇ ਆਪ ਸੋਦਰ ਸਾਹਿਬ ਦਾ ਪਾਠ ਅਤੇ ਕਈ ਵਾਰ ਹੁਕਮਨਾਮ ਲੈਂਦੇ ਭੁੱਲ ਜਾਂਦੇ ਹਨ। ਜਿਹੜੇ ਰਾਗੀ ਇੰਨਾਂ ਦੀ ਚਾਪਲੂਸੀ ਕਰਦੇ ਹਨ। ਜਾਂ ਫਿਰ ਤੁਹਾਡੀ ਸਿਫਾਰਿਸ਼ ਪਵਾਉਂਦੇ ਹਨ ਅਤੇ ਭਰਿਆ ਹੋਇਆ ਲਿਫਾਫਾ ਭੇਟ ਕਰਦੇ ਹਨ ਉਨ੍ਹਾਂ ਦੀ ਹੀ ਡਿਊਟੀ ਸ੍ਰੀ ਦਰਬਾਰ ਸਾਹਿਬ ਲੱਗ ਜਾਂਦੀ ਹੈ। ‘ਗੁਣ’ ਦੀ ਕੋਈ ਕਦਰ ਨਹੀਂ ਹੈ ਸਿਰਫ਼ ‘ਸਿਫਾਰਿਸ਼ ‘ਚੱਲ ਦੀ ਹੈ। ਦਾਸ ਇੰਨਾਂ ਕੰਮਾਂ ਦੇ ‘ਬਰਖਿਲਾਫ਼’ ਹੈ। ਇਸੇ ਲਈ ਦਾਸ ਨੂੰ ਲੰਮੇ ਵਕਤ ਤੋਂ ਸ੍ਰੀ ਦਰਬਾਰ ਸਾਹਿਬ ਸੇਵਾ ਨਹੀਂ ਕਰਨ ਦਿੱਤੀ ਗਈ ਹੈ। ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਛੱਡਣ ਨੂੰ ਮੰਨ ਨਹੀਂ ਕਰਦਾ ਹੈ । ਪਰ ਅਜਿਹੇ ਹਾਲਾਤਾ ਕਰਕੇ ਦਾਸ ਕੀਰਤਨ ਦੀ ਸੇਵਾ ਤੋਂ ਅਸਤੀਫ਼ਾ ਦੇ ਰਿਹਾ ਹੈ । ਸੋ ਕ੍ਰਿਪਾ ਕਰਕੇ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ’ ।