Punjab

ਨੈਸ਼ਨਲ ਹਾਈਵੇਅ ਅਥਾਰਿਟੀ ਦੇ ਫੈਸਲੇ ਦਾ ਕਿਸਾਨਾਂ ਨੇ ਕੀਤਾ ਵਿਰੋਧ,ਮੁੜ ਬੀਜੀ ਕਣਕ

ਛਪਾਰ : ਨੈਸ਼ਨਲ ਹਾਈਵੇਅ ਅਥਾਰਿਟੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਭਾਕਿਯੂ ਏਕਤਾ (ਉਗਰਾਹਾਂ) ਨੇ ਸਬੰਧਤ ਖੇਤਾਂ ਵਿੱਚ ਕਿਸਾਨਾਂ ਦਾ ਮੁੜ ਤੋਂ ਕਬਜ਼ਾ ਦਿਵਾਇਆ ਹੈ ਤੇ ਉਥੇ ਦੁਬਾਰਾ ਕਣਕ ਬੀਜੀ ਹੈ।

ਨੈਸ਼ਨਲ ਹਾਈਵੇਅ ਅਥਾਰਿਟੀ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਐਤਵਾਰ ਨੂੰ ਬਲਾਕ ਪੱਖੋਵਾਲ ਦੇ ਪਿੰਡ ਛਪਾਰ ਤੇ ਧੂਲਕੋਟ ਦੇ ਕਈ ਖੇਤਾਂ ਵਿਚਲੀ ਫ਼ਸਲ ਨੂੰ ਬਰਬਾਦ ਕਰ ਦਿੱਤਾ ਗਿਆ ਸੀ ।

ਜਿਸ ਤੋਂ ਬਾਅਦ ਹੁਣ ਭਾਕਿਯੂ ਏਕਤਾ (ਉਗਰਾਹਾਂ) ਨੇ ਆਪਣੀ ਕਾਰਵਾਈ ਕੀਤੀ ਹੈ ਤੇ ਮੁੜ ਕਣਕ ਦੀ ਬਿਜਾਈ ਕਰਵਾਈ ਗਈ ਹੈ। ਭਾਕਿਯੂ ਏਕਤਾ (ਉਗਰਾਹਾਂ) ਬਲਾਕ ਪੱਖੋਵਾਲ ਦੇ ਆਗੂਆਂ ਦੀ ਅਗਵਾਈ ਹੇਠ ਇੱਥੇ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਕਤ ਖੇਤਾਂ ਵਿੱਚ ਮੁੜ ਕਣਕ ਦੀ ਬਿਜਾਈ ਕਰ ਕੇ ਕਬਜ਼ਾ ਲਿਆ ਹੈ।

ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਮੁੜ ਅਜਿਹੀ ਕੋਈ ਕਾਰਵਾਈ ਕੀਤੀ ਗਈ ਤਾਂ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਤੇ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਕੀਤਾ ਜਾਵੇ।