‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਇੱਕ ਨਿਊਜ਼ ਚੈਨਲ (WFLA) ਦੀ ਪੱਤਰਕਾਰ ਵਿਕਟੋਰੀਆ ਪ੍ਰਾਈਸ ਨੇ ਆਪਣੀ ਇੱਕ ਦਰਸ਼ਕ ਦਾ ਧੰਨਵਾਦ ਕੀਤਾ ਹੈ ਕਿਉਂਕਿ ਉਸ ਦਰਸ਼ਕ ਨੇ ਪੱਤਰਵਾਕ ਵਿਕਟੋਰੀਆ ਦੀ ਸਮਾਂ ਰਹਿੰਦੇ ਜਾਣ ਬਚਾਈ।
ਵਿਕਟੋਰੀਆ ਨੇ ਆਪਣੇ ਟਵਿੱਟਰ ਅਕਾਉਂਟ ਜ਼ਰੀਏ ਦੱਸਿਆ ਕਿ, “ਇੱਕ ਦਰਸ਼ਕ ਨੇ ਮੈਨੂੰ ਪਿਛਲੇ ਮਹੀਨੇ ਇੱਕ ਈ-ਮੇਲ ਕੀਤਾ ਸੀ। ਦਰਅਸਲ ਇਸ ਈ-ਮੇਲ ‘ਚ ਲਿਖਿਆ ਸੀ, ”ਹੈਲੋ, ਮੈਂ ਹੁਣੇ-ਹੁਣੇ ਤੁਹਾਡੀ ਨਿਊਜ਼ ਰਿਪੋਰਟ ਦੇਖੀ ਹੈ ਅਤੇ ਮੈਨੂੰ ਤੁਹਾਡੀ ਗਰਦਨ ‘ਤੇ ਦਿਖ ਰਹੀ ਗੰਢ ਨੂੰ ਦੇਖ ਕੇ ਫ਼ਿਕਰ ਹੋ ਰਹੀ ਹੈ। ਕਿਰਪਾ ਕਰਕੇ ਤੁਸੀਂ ਆਪਣਾ ਥਾਇਰਡ ਚੈੱਕ ਕਰਵਾਓ। ਕਿਉਂਕਿ ਇਸ ਤਰ੍ਹਾਂ ਦੀ ਗੰਢ ਮੇਰੇ ਵੀ ਗਰਦਨ ‘ਤੇ ਸੀ ਤੇ ਡਾਕਟਰਾਂ ਤੋਂ ਪਤਾ ਚੱਲਿਆ ਕਿ ਇਹ ਗੰਢ ਕੈਂਸਰ ਦੀ ਹੈ।
ਇਸ ਈ-ਮੇਲ ਤੋਂ ਬਾਅਦ ਵਿਕਟੋਰੀਆ ਨੇ ਆਪਣੇ ਆਫ਼ਿਸ ਤੋਂ ਮੈਡੀਕਲ ਲੀਵ ਲੈ ਲਈ, ਤੇ ਤੁਰੰਤ ਆਪਣੇ ਇਲਾਜ ਲਈ ਡਾਕਟਰਾਂ ਦੀ ਸਲਾਹ ਲੈਣ ਲਈ ਰਾਬਤੇ ‘ਚ ਰਹੀ। ਟੈਸਟ ਕੀਤੀਆਂ ਗਈਆਂ ਰਿਪੋਰਟਾਂ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਟਿਊਮਰ ਵਿਕਟੋਰੀਆ ਦੇ ਥਾਇਰਡ ਦੇ ਵਿਚਾਲੇ ਹੈ, ਤੇ ਇਹ ਗਲੈਂਡਸ ਨੂੰ ਅੱਗੇ ਤੇ ਉੱਤੇ ਵੱਲ ਧੱਕ ਰਿਹਾ ਹੈ, ਇਸ ਲਈ ਗਲੇ ਤੋਂ ਥੋੜ੍ਹਾ ਬਾਹਰ ਨਿਕਲਿਆ ਹੋਇਆ ਦਿਖ ਰਿਹਾ ਹੈ।”
ਵਿਕਟੋਰੀਆ ਨੇ ਦੱਸਿਆ ਕਿ ਡਾਕਟਰਾਂ ਮੁਤਾਬਿਕ ਟਿਊਮਰ ਕੱਢਣ ਲਈ ਉਨ੍ਹਾਂ ਦਾ ਇੱਕ ਆਪਰੇਸ਼ਨ ਹੋਵੇਗਾ।
ਦਰਸ਼ਕ ਦਾ ਧੰਨਵਾਦ ਕੀਤਾ
ਵਿਕਟੋਰੀਆ ਨੇ ਇੱਕ ਇੰਸਟਾਗ੍ਰਾਮ ਪੋਸਟ ਪਾਈ ਤੇ ਦੋਬਾਰਾ ਉਸ ਦਰਸ਼ਕ ਦਾ ਧੰਨਵਾਦ ਕੀਤਾ ਤੇ ਕਿਹਾ ਕਿ 8 ਵਜੇ ਅਸੀੰ ਦਰਸ਼ਕਾਂ ਨੂੰ ਦੇਸ਼-ਵਿਦੇਸ਼ ਦੀ ਜਾਣਕਾਰੀ ਦੇਣ ਲਈ ਸਾਹਮਣੇ ਹੁੰਦੇ ਹਾਂ, ‘ਪਰ ਇਹ ਰੋਲ ਉਸ ਸਮੇਂ ਬਦਲ ਗਿਆ ਜਦੋਂ ਕਿਸੇ ਇੱਕ ਦਰਸ਼ਕ ਨੇ ਮੇਰੇ ਗਲੇ ‘ਤੇ ਬਣੀ ਗੰਢ ਨੂੰ ਪਛਾਣ ਕੇ ਮੇਰੀ ਜਾਣ ਬਚਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਲਈ ਉਸ ਦਰਸ਼ਕ ਦੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਨ।
ਪੱਤਰਕਾਰ ਨੇ ਦੱਸਿਆ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਉਹ ਇੰਨੀ ਮਸਰੂਫ਼ ਹੋ ਗਈ ਕਿ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ, ”ਇੱਕ ਪੱਤਰਕਾਰ ਦੇ ਤੌਰ ‘ਤੇ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਮੈਂ ਬਿਨਾਂ ਰੁਕੇ ਕੰਮ ਕੀਤਾ ਅਤੇ ਲਗਾਤਾਰ ਆ ਰਹੀ ਕੋਰੋਨਾ ਜਾਣਕਾਰੀ ਦੇ ਲਈ ਲਗਾਤਾਰ ਸ਼ਿਫ਼ਟ ਕੀਤੀਆਂ।”
ਵਿਕਟੋਰੀਆ ਨੇ ਇੱਕ ਆਰਟੀਕਲ ‘ਚ ਲਿਖਿਆ, ‘ਜੇ ਮੈਨੂੰ ਕਦੇ ਉਹ ਈ-ਮੇਲ ਨਾ ਮਿਲਦਾ, ਤਾਂ ਮੈਂ ਡਾਕਟਰ ਕੋਲ ਨਾ ਜਾਂਦੀ ਅਤੇ ਕੈਂਸਰ ਸ਼ਾਇਦ ਇਸੇ ਤਰ੍ਹਾਂ ਹੀ ਫ਼ੈਲਦਾ ਰਹਿੰਦਾ।
”ਮੈਂ ਹਮੇਸ਼ਾ ਉਸ ਔਰਤ ਦੀ ਸ਼ੁਕਰਗੁਜ਼ਾਰ ਰਹਾਂਗੀ, ਜਿਨ੍ਹਾਂ ਨੇ ਮੈਨੂੰ ਮੇਰੀ ਸਿਹਤ ਵੱਲ ਧਿਆਨ ਦਿਵਾਉਣ ਦੀ ਜ਼ਹਿਮਤ ਕੀਤੀ। ਉਹ ਮੈਨੂੰ ਨਿੱਜੀ ਤੌਰ ‘ਤੇ ਬਿਲਕੁਲ ਨਹੀਂ ਜਾਣਦੇ ਸੀ। ਉਨ੍ਹਾਂ ਨੂੰ ਇਹ ਸਭ ਦੱਸਣ ਦੀ ਲੋੜ ਵੀ ਨਹੀਂ ਸੀ, ਪਰ ਫ਼ਿਰ ਵੀ ਉਨ੍ਹਾਂ ਨੇ ਮੈਨੂੰ ਦੱਸਿਆ। ਇਸ ਦਾ ਮਤਲਬ ਹੈ ਕਿਸੇ ਦੀ ਨਿਗਾਹ ਤੁਹਾਡੇ ‘ਤੇ ਇਸ ਕਦਰ ਪੈਨੀ, ‘ਕਿ ਉਹ ਤੁਹਾਡੇ ਸਰੀਰ ਦੇ ਅੰਦਰ ਪੈਦਾ ਹੋ ਰਹੀ ਬਿਮਾਰੀ ਨੂੰ ਪਛਾਣ ਲਏ।
ਥਾਇਰਡ ਕੈਂਸਰ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵੱਧ ਹੁੰਦਾ ਹੈ। ਵਿਕਟੋਰੀਆ ਨੇ ਦੱਸਿਆ ਕਿ ਅਮਰੀਕਾ ‘ਚ ਇਸ ਸਾਲ ਇਸ ਤਰ੍ਹਾਂ ਦੇ ਕੈਂਸਰ ਦੇ ਕਰੀਬ 75% ਮਾਮਲੇ ਔਰਤਾਂ ਵਿੱਚ ਦਰਜ ਕੀਤੇ ਗਏ।
ਉਨ੍ਹਾਂ ਨੇ ਔਰਤਾਂ ਨੂੰ ਇਸ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਤੇ ਆਪਣੀ ਸਿਹਤ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਉਹ ਇੱਕ ਹਫ਼ਤੇ ਅੰਦਰ ਕੰਮ ‘ਤੇ ਪਰਤ ਆਉਣਗੇ।