ਬਿਊਰੋ ਰਿਪੋਰਟ : ਪੰਜਾਬ ਸਰਕਾਰ ਨੇ ਖਿਡਾਰੀਆਂ ਦੇ ਲਈ ਵੱਡਾ ਐਲਾਨ ਕੀਤਾ ਹੈ । ਪਹਿਲਾਂ ਖਿਡਾਰੀਆਂ ਦੀ ਉਮਰ ਨੂੰ ਲੈਕੇ ਕਈ ਵਾਰ ਵਿਵਾਦ ਹੁੰਦਾ ਸੀ। ਪਰ ਹੁਣ ਸਰਕਾਰ ਨੇ ਖਿਡਾਰੀਆਂ ਦੀ ਇਸ ਮੁਸ਼ਕਿਲ ਦਾ ਨਿਪਟਾਰਾ ਕਰ ਦਿੱਤਾ ਹੈ। ਪੰਜਾਬ ਵਿੱਚ ਖਿਡਾਰੀਆਂ ਦੀ ਉਮਰ ਦਾ ਸਰਟਿਫਿਕੇਟ ਹੁਣ ਸਕੂਲ ਦਾ ਰਿਕਾਰਡ ਹੋਵੇਗਾ। ਯਾਨੀ ਜਿਹੜੀ ਉਮਰ ਸਕੂਲ ਸਰਟਿਫਿਕੇਟ ਵਿੱਚ ਲਿਖੀ ਹੋਵੇਗੀ ਉਸ ਨੂੰ ਅਸਲੀ ਮੰਨਿਆ ਜਾਵੇਗਾ।
ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਦੀ ਉਮਰ ਨੂੰ ਲੈਕੇ ਕਈ ਵਾਰ ਵਿਵਾਦ ਹੁੰਦਾ ਸੀ । ਇੰਨਾਂ ਵਿਵਾਦਾਂ ਨੂੰ ਸੁਲਝਾਉਣ ਦੇ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ । ਅਕਸਰ ਵੱਧ ਉਮਰ ਦੇ ਖਿਡਾਰੀਆਂ ਵੱਲੋਂ ਘੱਟ ਉਮਰ ਦੇ ਗਰੁੱਪ ਖੇਡਾਂ ਵਿੱਚ ਹਿੱਸਾ ਲੈਣ ‘ਤੇ ਵਿਵਾਦ ਹੁੰਦਾ ਸੀ। ਖਿਡਾਰੀਆਂ ਵੱਲੋਂ ਆਪਣੀ ਅਸਲੀ ਉਮਰ ਲੁਕਾਉਣ ਦੇ ਲਈ ਫਰਜ਼ੀ ਸਰਟਿਫਿਕੇਟ ਬਣਾਏ ਜਾਂਦੇ ਸਨ । ਅੰਡਰ 16 ਅਤੇ ਅੰਡਰ 19 ਗਰੁੱਪ ਵਿੱਚ ਅਜਿਹੇ ਵਿਵਾਦ ਅਕਸਰ ਵੇਖੇ ਜਾਂਦੇ ਸਨ। ਪਰ ਹੁਣ ਸਰਕਾਰ ਵੱਲੋਂ ਇਸ ਦਾ ਨਿਪਟਾਰਾ ਕਰਦੇ ਹੋਏ ਸਕੂਲ ਰਿਕਾਰਡ ਨੂੰ ਅਸਲੀ ਅਧਾਰ ਮੰਨਿਆ ਹੈ ਜਿਸ ਦੇ ਨਾਲ ਖਿਡਾਰੀਆਂ ਦੀ ਉਮਰ ਤੈਅ ਕੀਤੀ ਜਾਵੇਗੀ ।
ਐਥਲੈਟਿਕਸ ਸਮੇਤ ਕਈ ਖੇਡਾਂ ਵਿੱਚ ਖਿਡਾਰੀ ਫੜੇ ਗਏ ਸਨ
ਪਿਛਲੇ ਕੁਝ ਸਾਲਾਂ ਤੋਂ ਐਥਲੈਟਿਕਸ ਸਮੇਤ ਫੁੱਟਬਾਲ ਅਤੇ ਵੇਟ ਲਿਫਟਿੰਗ ਦੇ ਕਈ ਖਿਡਾਰੀ ਵੱਲੋਂ ਸਹੀ ਉਮਰ ਨਾ ਦੱਸਣ ਦੇ ਮਾਮਲੇ ਸਾਹਮਣੇ ਆਏ ਸਨ । ਵੱਖ-ਵੱਖ ਖੇਡਾਂ ਵਿੱਚ ਹੋਣ ਵਾਲੇ ਇਵੈਂਟ ਵਿੱਚ ਹਿੱਸਾ ਲੈਣ ਦੇ ਲਈ ਖਿਡਾਰੀ ਆਪਣੀ ਉਮਰ ਗੱਲਤ ਲਿਖਵਾ ਦਿੰਦੇ ਸਨ ਅਤੇ ਬਾਅਦ ਵਿੱਚੋਂ ਫੜੇ ਜਾਂਦੇ ਸਨ। ਇੰਨਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਸੂਬਾ ਅਤੇ ਨੈਸ਼ਨਲ ਪੱਧਰ ਦੇ ਹੁੰਦੇ ਸਨ । ਇਸ ਪੂਰੇ ਵਿਵਾਦ ਨਾਲ ਸੂਬਾ ਸਰਕਾਰ ਦਾ ਨਾਂ ਵੀ ਖ਼ਰਾਬ ਹੁੰਦਾ ਸੀ । ਸਿਰਫ਼ ਇੰਨਾਂ ਹੀ ਨਹੀਂ ਮੈਡਲ ਜਿੱਤਣ ਤੋਂ ਬਾਅਦ ਖਿਡਾਰੀਆਂ ‘ਤੇ ਕਾਰਵਾਈ ਕੀਤੀ ਜਾਂਦੀ ਸੀ।