Australia : ਆਸਟਰੇਲੀਆ ਵਿੱਚ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਕਾਰਨ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਵਾਲੇ ਭਾਰਤੀ ਮੂਲ ਦੇ ਸਿੱਖ ਵਾਲੰਟੀਅਰ ਅਮਰ ਸਿੰਘ (41) ਦਾ ਕੁਦਰਤੀ ਆਫ਼ਤਾਂ ਅਤੇ ਵਿਸ਼ਵ ਮਹਾਮਾਰੀ ਦੌਰਾਨ ਭਾਈਚਾਰੇ ਦੀ ਮਦਦ ਲਈ ‘2023 ਨਿਊ ਸਾਊਥ ਵੇਲਜ਼ ਆਸਟਰੇਲੀਅਨ ਆਫ ਦਿ ਯੀਅਰ ਐਵਾਰਡ’ ਨਾਲ ਸਨਮਾਨ ਕੀਤਾ ਗਿਆ।
ਨਿਊ ਸਾਊਥ ਵੇਲਜ਼ ਸਰਕਾਰ ਨੇ ਉਨ੍ਹਾਂ ਨੂੰ ‘ਸਥਾਨਕ ਨਾਇਕ’ ਦੀ ਸ਼੍ਰੇਣੀ ਵਿੱਚ ਇਹ ਪੁਰਸਕਾਰ ਦਿੱਤਾ ਹੈ। ਭਾਰਤੀ ਮੂਲ ਦੇ ਸਿੱਖ ਅਮਰ ਸਿੰਘ ਨੇ ਸੱਤ ਸਾਲ ਪਹਿਲਾਂ ‘ਟਰਬਨਜ਼ 4 ਆਸਟਰੇਲੀਆ’ ਦੀ ਸਥਾਪਨਾ ਕੀਤੀ ਸੀ। ਇਹ ਸੰਸਥਾ ਕੁਦਰਤੀ ਆਫ਼ਤਾ ਤੋਂ ਪ੍ਰਭਾਵਿਤ, ਉੱਜੜੇ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਦੀ ਹੈ।
ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਵੰਨ-ਸੁਵੰਨਤਾ ਵਾਲੇ ਸਭਿਆਚਾਰ ਅਤੇ ਸਮਾਜਿਕ ਏਕਤਾ ਦੀ ਵਕਾਲਤ ਕਰਨ ਵਾਲੇ ਅਮਰ ਸਿੰਘ ਨੂੰ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਕਾਰਨ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਬਿਆਨ ਮੁਤਾਬਕ, ‘‘41 ਸਾਲਾ ਅਮਰ ਸਿੰਘ ਦਾ ਮੰਨਣਾ ਹੈ ਕਿ ਦੂਜਿਆਂ ਦੀ ਮਦਦ ਕਰਦੇ ਸਮੇਂ ਧਰਮ, ਭਾਸ਼ਾ ਜਾਂ ਸਭਿਆਚਾਰਕ ਪਿਛੋਕੜ ਅੜਿੱਕਾ ਨਹੀਂ ਬਣਨੇ ਚਾਹੀਦੇ।’
ਰੀਲੀਜ਼ ਵਿੱਚ ਕਿਹਾ ਗਿਆ ਹੈ, “ਪੱਛਮੀ ਸਿਡਨੀ ਵਿੱਚ ਟਰਬਨਜ਼ 4 ਆਸਟ੍ਰੇਲੀਆ ਨੇ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਭੋਜਨ ਅਤੇ ਹੋਰ ਸਪਲਾਈ ਦੇ 450 ਪੈਕੇਟ ਪ੍ਰਦਾਨ ਕੀਤੇ ਹਨ।” ” ਸੋਕੇ ਤੋਂ ਪੀੜਤ ਕਿਸਾਨਾਂ ਨੂੰ ਪਰਾਗ ਦਿੱਤੀ ਗਈ, ਲਿਸਮੋਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਦੱਖਣੀ ਤੱਟ ‘ਤੇ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਸਪਲਾਈ ਦਿੱਤੀ ਗਈ, ਅਤੇ ਕੋਵਿਡ-19 ਗਲੋਬਲ ਮਹਾਂਮਾਰੀ ਕਾਰਨ ਲੌਕਡਾਊਨ ਦੌਰਾਨ ਅਲੱਗ-ਥਲੱਗ ਰਹਿਣ ਵਾਲੇ ਕਿਸਾਨਾਂ ਨੂੰ ਭੋਜਨ ਦੇ ਪੈਕੇਟ ਦਿੱਤੇ ਗਏ। ” ਨਿਊਜ਼ ਪੋਰਟਲ ‘sbs.com.au’ ਨੇ ਸਿੰਘ ਦੇ ਹਵਾਲੇ ਨਾਲ ਕਿਹਾ, “ਮੈਂ ਆਪਣੀ ਟੀਮ ਦੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ ਪ੍ਰਾਪਤੀ ਲਈ ਦਿਨ-ਰਾਤ ਮਿਹਨਤ ਕੀਤੀ। ਇਸ ਦਾ ਪੂਰਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ।