‘ਦ ਖ਼ਾਲਸ ਬਿਊਰੋ : ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਕੇਸ ਵਿਚ ਪੁਲਿਸ ਨੇ ਬਠਿੰਡਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਇਕ ਸਬ ਇੰਸਪੈਕਟਰ ਦੇ ਪੁੱਤਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਉਸ ’ਤੇ ਦੋਸ਼ ਹੈ ਕਿ ਕਤਲ ਤੋਂ ਬਾਅਦ ਇਸਨੇ ਸ਼ੂਟਰਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਸੀ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸਬ ਇੰਸਪੈਕਟਰ ਦੇ ਪੁੱਤਰ ਨੂੰ ਪਤਾ ਸੀ ਕਿ ਉਹ ਸ਼ੂਟਰ ਕੌਣ ਹਨ। ਇਹ ਪੁੱਤਰ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦਾ ਹੈ ਤੇ ਇਥੇ ਹੋਸਟਲ ਵਿਚ ਰਹਿੰਦਾ ਹੈ।
ਤਫਤੀਸ਼ ‘ਚ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੂੰ ਇਸ ਕਤਲ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਜਾਂ ਨਹੀਂ। ਇਸ ਤੋਂ ਇਲਾਵਾ ਉਸ ਨੇ ਗੋਲੀ ਚਲਾਉਣ ਵਾਲਿਆਂ ਦੇ ਠਹਿਰਣ ਦਾ ਇੰਤਜ਼ਾਮ ਕਦੋਂ ਕੀਤਾ, ਉਸ ਨੂੰ ਇਸ ਕਤਲ ਕਾਂਡ ਦੀ ਜਾਣਕਾਰੀ ਸੀ ਜਾਂ ਨਹੀਂ, ਇਸ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਫੋਨ ਕਰਕੇ ਇਸ ਸਬੰਧੀ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੀਤੇ ਸ਼ੁੱਕਰਵਾਰ ਪਟਿਆਲਾ ਦੇ ਬਖਸ਼ੀਵਾਲਾ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 6 ਹਮਲਾਵਰਾਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਹਰਿਆਣਾ ਦੇ ਜ਼ਿਲ੍ਹਾ ਰੋਹਤਕ 2 ਅਤੇ ਭਿਵਾਨੀ ਦੇ ਇੱਕ ਕਤਲ ਦੇ ਮੁਲਜ਼ਮ ਸ਼ਾਮਲ ਹਨ। ਕਾਤਲਾਂ ਵਿੱਚੋਂ ਦੋ ਕਰੀਬ 16 ਸਾਲ ਦੇ ਨਾਬਾਲਗ ਹਨ, ਜਦਕਿ ਇੱਕ ਮੁਲਜ਼ਮ 24 ਸਾਲਾ ਜਿਤੇਂਦਰ ਉਰਫ਼ ਜੀਤੂ ਵਾਸੀ ਕਲਾਨੌਰ, ਰੋਹਤਕ ਹੈ।
ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰ ਕੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਨੂੰ ਵੀਰਵਾਰ ਛੇ ਹਥਿਆਰਬੰਦ ਨੌਜਵਾਨਾਂ ਨੇ ਸਵੇਰੇ 7 ਵਜੇ ਉਸ ਦੀ ਦੁਕਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਰਿਆਨੇ ਦੀ ਦੁਕਾਨ ਤੇ ਡੇਅਰੀ ਚਲਾਉਣ ਵਾਲੇ ਪ੍ਰਦੀਪ ਸਿੰਘ ਨੂੰ ਉਸ ਦੇ ਸੁਰੱਖਿਆ ਮੁਲਾਜ਼ਮ ਹਾਕਮ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਵੀ ਗੋਲੀ ਮਾਰ ਦਿੱਤੀ ਸੀ।
ਪ੍ਰਦੀਪ ਸਿੰਘ ਦੇ ਕਤਲ ਦੇ ਸਬੰਧ ਵਿਚ ਗੈਂਗਸਟਰ ਗੋਲਡੀ ਬਰਾੜ ਦੀ ਪੋਸਟ ਸਾਹਮਣੇ ਆਈ ਸੀ, ਜਿਸ ਵਿਚ ਉਸਨੇ ਕਤਲ ਦੀ ਜ਼ਿੰਮੇਵਾਰੀ ਲਈ। ਉਸ ਨੇ ਲਿਖਿਆ ਕਿ 7 ਸਾਲ ਹੋ ਗਏ ਸੀ ਵੇਖਦੇ ਨੂੰ, 3 ਸਰਕਾਰਾਂ ਬਦਲ ਗਈਆਂ ਪਰ ਇਨਸਾਫ ਨਹੀਂ ਮਿਲਿਆ ਸੀ। ਅਸੀਂ ਅੱਜ ਆਪਣਾ ਇਨਸਾਫ਼ ਕਰ ਦਿੱਤਾ। ਫਾਇਰਿੰਗ ਦੌਰਾਨ ਜਿਸ ਪੁਲਿਸ ਵਾਲੇ ਦਾ ਨੁਕਸਾਨ ਹੋਇਆ, ਉਸਦਾ ਸਾਨੂੰ ਬਹੁਤ ਦੁੱਖ ਹੈ ਪਰ ਸਿਰਫ਼ ਤਨਖ਼ਾਹਾਂ ਦੇ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸਿਕਿਓਰਿਟੀ ਕਰਨ ਵਾਲੇ ਉੱਤੇ ਵੀ ਲੱਖ ਲਾਹਨਤ ਹੀ ਬਣਦੀ ਸੀ।
ਕੋਈ ਵੀ ਜੋ ਕਿਸੇ ਵੀ ਧਰਮ ਦੇ ਬੇਇੱਜ਼ਤੀ ਕਰੇਗਾ, ਉਸ ਨਾਲ ਅਜਿਹਾ ਹੀ ਹੋਵੇਗਾ। ਜਿਨ੍ਹਾਂ ਨੇ ਹੁਣ ਤੱਕ ਧੱਕਾ ਕੀਤਾ, ਅਸੀਂ ਉਨ੍ਹਾਂ ਨਾਲ ਧੱਕਾ ਕਰਨਾ ਹੈ ਬਸ, ਹੋਰ ਕੁਝ ਨਹੀਂ। ਹਿੰਦੂ, ਸਿੱਖ ਸਾਰੇ ਭਰਾ ਹਨ, ਇਕੱਠੇ ਵਿੱਚ ਬਦਲਾ ਲਿਆ ਹੈ ਕਿਉਂਕਿ ਗੁਰੂ ਸਾਹਿਬ ਜੀ ਸਭ ਦੇ ਸਾਂਝੇ ਹਨ।
ਡੇਰਾ ਪ੍ਰੇਮੀ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਆਇਆ ਸੀ, ਸਾਲ 2021 ਤੋਂ ਉਹ ਜ਼ਮਾਨਤ ਉੱਤੇ ਚੱਲ ਰਿਹਾ ਸੀ। ਪ੍ਰਦੀਪ ਸਿੰਘ ਨੂੰ ਸੁਰੱਖਿਆ ਮਿਲੀ ਹੋਈ ਸੀ।