Punjab

ਅੰਮ੍ਰਿਤਸਰ ‘ਚ ਸੜਕ ਹਾਦਸਾ , ਪਤੀ-ਪਤਨੀ ਸਣੇ 2 ਬੱਚਿਆਂ ਦੀ ਜੀਵਨ ਲੀਲ੍ਹਾ ਸਮਾਪਤ

Road accident in Amritsar

ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਢੋਆ-ਢੁਆਈ ਕਰ ਰਹੇ ਇਕ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਇਸ ਦਰਦਨਾਕ ਹਾਦਸੇ ਵਿਚ ਪਤੀ-ਪਤਨੀ ਸਣੇ 2 ਬੱਚਿਆਂ ਦੀ ਮੌਤ ਹੋ ਗਈ।

ਘਟਨਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਸਾਰੰਗਦੇਵ ਦੀ ਹੈ। ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਰਜੀਤ ਸਿੰਘ ਹਲਵਾਈ ਦਾ ਕੰਮ ਕਰਦਾ ਹੈ। ਬੀਤੀ ਰਾਤ ਪਿੰਡ ਭਿੰਡੀਆਂ ਵਿੱਚ ਉਸਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ। ਵਿਆਹ ਤੋਂ ਰਾਤ ਸਮੇਂ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਸਾਰੰਗਦੇਵ ਸਥਿਤ ਆਪਣੇ ਘਰ ਵੱਲ ਆ ਰਿਹਾ ਸੀ।

ਉਸਨੇ ਦੱਸਿਆ ਕਿ ਉਸ ਦੇ ਪਿੰਡ ਵਿੱਚ ਰੇਤ ਦਾ ਨਾਜਾਇਜ਼ ਕਾਰੋਬਾਰ ਚੱਲਦਾ ਹੈ। ਰੇਤ ਲੱਦ ਕੇ ਭਾਰੀ ਵਾਹਨ ਤੇਜ਼ ਰਫ਼ਤਾਰ ਨਾਲ ਚੱਲਦੇ ਹਨ। ਬੀਤੀ ਰਾਤ ਵੀ ਰੇਤ ਲੈ ਕੇ ਜਾ ਰਹੀ ਬੋਲੈਰੋ ਕਾਰ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਖੁਦ ਫ਼ਰਾਰ ਹੋ ਗਈ। ਘਟਨਾ ਵਿੱਚ ਸੁਰਜੀਤ ਤੋਂ ਇਲਾਵਾ ਉਸ ਦੀ ਪਤਨੀ ਸੰਤੋਖ ਕੌਰ, ਸੋਨੂੰ ਅਤੇ ਪ੍ਰੀਤ ਦੀ ਮੌਤ ਹੋ ਗਈ ਹੈ।

ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਦਿਆਂ ਹੀ ਥਾਣਾ ਅਜਨਾਲਾ ਦੇ SHO ਸਪਿੰਦਰ ਕੌਰ ਢਿੱਲੋਂ ਮੌਕੇ ‘ਤੇ ਪਹੁੰਚੇ। ਉਨ੍ਹਾਂ ਵਲੋਂ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪਤੀ-ਪਤਨੀ ਤੇ 2 ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਅਜਨਾਲਾ ਭੇਜ ਦਿੱਤਾ ਗਿਆ ਹੈ ਤੇ ਐਕਸੀਡੈਂਟ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਤੇ ਜਲਦ ਹੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ।